ਪਹਿਲੀ ਵਾਰ ਇਕ ਪ੍ਰਮੁੱਖ ਪਾਕਿਸਤਾਨੀ ਅਖ਼ਬਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੇ ਵੱਧਦੇ ਕੌਮਾਂਤਰੀ ਪ੍ਰਭਾਵ ਅਤੇ ਕੌਮਾਂਤਰੀ ਮੰਚ ’ਤੇ ਦੇਸ਼ ਦੇ ਵੱਧਦੇ ਕੱਦ ਦੀ ਸ਼ਲਾਘਾ ਕੀਤੀ ਹੈ। ਐਕਸਪ੍ਰੈੱਸ ਟ੍ਰਿਬਿਊਨ ਨੇ ਕਿਹਾ ਹੈ ਕਿ ਪੀਐੱਮ ਮੋਦੀ ਨੇ ਭਾਰਤ ਨੂੰ ਉਸ ਮੁਕਾਮ ਤਕ ਪਹੁੰਚਾ ਦਿੱਤਾ ਹੈ ਜਿੱਥੋਂ ਦੇਸ਼ ਨੇ ਆਪਣੀ ਪ੍ਰਭੂਤਾ ਅਤੇ ਪ੍ਰਭਾਵ ਦਾ ਵਿਸਥਾਰਤ ਜਾਲ ਫੈਲਾਉਣਾ ਸ਼ੁਰੂ ਕੀਤਾ ਹੈ।
ਪੀਐੱਮ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਵਿਦੇਸ਼ ਨੀਤੀ ਦੇ ਮੋਰਚੇ ’ਤੇ ਆਪਣਾ ਖ਼ੁਦ ਦਾ ਆਭਾ ਮੰਡਲ ਸਥਾਪਤ ਕਰ ਲਿਆ ਹੈ। ਅਖ਼ਬਾਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਰਤਮਾਨ ਸਮੇਂ ਵਿਚ ਭਾਰਤ ਆਪਣੇ ਆਕਾਰ ਅਤੇ ਘੇਰੇ ਨੂੰ ਲੈ ਕੇ ਹੀ ਨਹੀਂ ਬਲਕਿ ਆਪਣੇ ਸੰਪੂਰਨ ਕੌਮਾਂਤਰੀ ਅਸਰ ਨੂੰ ਲੈ ਕੇ ਵਿਸ਼ਵ ਵਿਚ ਸਭ ਤੋਂ ਪ੍ਰਸੰਗਿਕ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਵਾਰ ਭਾਰਤ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕਰ ਚੁੱਕੇ ਹਨ। ਟ੍ਰਿਬਿਊਨ ਵਿਚ ਸਿਆਸੀ ਵਿਸ਼ਲੇਸ਼ਕ ਸ਼ਾਹਜਾਦ ਚੌਧਰੀ ਨੇ ਲਿਖਿਆ ਹੈ ਕਿ ਪੀਐੱਮ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਵਿਦੇਸ਼ ਨੀਤੀ ਦਾ ਕੌਸ਼ਲਪੂਰਵਕ ਪ੍ਰਯੋਗ ਕੀਤਾ ਗਿਆ ਹੈ ਅਤੇ ਦੇਸ਼ ਦੀ ਜੀਡੀਪੀ ਤਿੰਨ ਲੱਖ ਕਰੋੜ ਡਾਲਰ ਦੇ ਪਾਰ ਪੁੱਜ ਚੁੱਕੀ ਹੈ। ਮੋਦੀ ਨੇ ਬ੍ਰਾਂਡ ਇੰਡੀਆ ਬਣਾਉਣ ਲਈ ਜੋ ਕੁਝ ਕੀਤਾ ਹੈ, ਉਹ ਉਨ੍ਹਾਂ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ।
ਸ਼ਾਹਜਾਦ ਨੇ ਪਾਕਿਸਤਾਨ ਨੂੰ ਆਪਣੀ ਭਾਰਤ ਸਬੰਧੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ। ਕਿਹਾ, ਭਾਰਤ ਦੇ ਕੋਲ 600 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜਦਕਿ ਪਾਕਿਸਤਾਨ ਕੋਲ ਸਿਰਫ਼ 4.5 ਅਰਬ ਡਾਲਰ ਹਨ। ਹਾਲਤ ਇਹ ਹੈ ਸਾਊਦੀ ਅਰਬ ਨੇ ਜਿੱਥੇ ਭਾਰਤ ਵਿਚ 72 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਤਾਂ ਪਾਕਿਸਤਾਨ ਵਿਚ ਸਿਰਫ਼ ਸੱਤ ਅਰਬ ਡਾਲਰ ਨਿਵੇਸ਼ ਦਾ ਵਾਅਦਾ ਕੀਤਾ ਹੈ।
ਸ਼ਾਹਜਾਦ ਨੇ ਲਿਖਿਆ ਹੈ ਕਿ ਯੂਕਰੇਨ ਜੰਗ ਵਿਚਾਲੇ ਦੋ ਫ਼ੌਜੀ ਮਹਾਸ਼ਕਤੀਆਂ ਅਮਰੀਕਾ ਅਤੇ ਰੂਸ ਭਾਰਤ ਨਾਲ ਖੜ੍ਹੀਆਂ ਹਨ। ਦੋਵੇਂ ਵਿਰੋਧੀ ਮਹਾਸ਼ਕਤੀਆਂ ਦਾਅਵਾ ਕਰ ਰਹੀਆਂ ਹਨ ਕਿ ਭਾਰਤ ਉਸ ਦਾ ਸਹਿਯੋਗੀ ਹੈ। ਰੂਸ ’ਤੇ ਅਮਰੀਕਾ ਨੇ ਪਾਬੰਦੀ ਲਗਾ ਰੱਖੀ ਹੈ ਅਤੇ ਭਾਰਤ ਨੂੰ ਛੱਡ ਕੋਈ ਵੀ ਉਸ ਦੇ ਨਾਲ ਆਜ਼ਾਦ ਰੂਪ ਵਿਚ ਕਾਰੋਬਾਰ ਨਹੀਂ ਕਰ ਸਕਦਾ। ਰੂਸ ਤੋਂ ਭਾਰਤ ਤੇਲ ਖ਼ਰੀਦ ਰਿਹਾ ਹੈ ਅਤੇ ਉਸ ਦਾ ਨਿਰਯਾਤ ਕਰ ਰਿਹਾ ਹੈ।