ਪਾਣੀ ਦੀਆਂ ਬੁਛਾੜਾਂ ਨਾਲ ਸਿੱਖਿਆ ਮੰਤਰੀ ਦੀ ਉਤਰੀ ਪੱਗ, ਲੱਗੀਆਂ ਸੱਟਾਂ, ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕੇਂਦਰ ਖ਼ਿਲਾਫ਼ ਕਰ ਰਹੇ ਸਨ ਪ੍ਰਦਰਸ਼ਨ
ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ,ਪਰ ਕੇਂਦਰ ਸਰਕਾਰ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਝੋਨੇ ਦੀ ਖਰੀਦ ਸੁਸਤ ਗਤੀ ਨਾਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਅੰਨ ਭੰਡਾਰ ਭਰਨ ਲਈ ਕੇਂਦਰ ਲਈ ਝੋਨੇ ਦੀ ਖਰੀਦ ਕਰ ਰਹੀ ਹੈ।ਕਿਸਾਨਾਂ, ਆੜਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਆਪ ਆਗੂ ਤੇ ਕਾਰੁਕੰਨ ਸਵੇਰੇ ਸੈਕਟਰ 37 ਵਿਖੇ ਇਕੱਠੇ ਹੋਏ। ਇਸ ਮੌਕੇ ’ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਤਰੁਣਜੀਤ ਸਿੰਘ ਸੌਧ, ਹਰਜੋਤ ਬੈਂਸ, ਲਾਲਜੀਤ ਸਿੰਘ ਭੁੱਲਰ, ਪ੍ਰਿੰਸੀਪਲ ਬੁੱਧ ਰਾਮ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਗੁਦਾਮਾਂ ਵਿਚੋਂ ਚੌਲ ਚੁੱਕਣ ਲਈ ਸੂਬਾ ਸਰਕਾਰ ਨੇ ਕਈ ਪੱਤਰ ਕੇਂਦਰੀ ਖੁਰਾਕ ਮੰਤਰਾਲੇ ਨੂੰ ਲਿਖੇ। ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ,ਪਰ ਕੇਂਦਰ ਸਰਕਾਰ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਝੋਨੇ ਦੀ ਖਰੀਦ ਸੁਸਤ ਗਤੀ ਨਾਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਅੰਨ ਭੰਡਾਰ ਭਰਨ ਲਈ ਕੇਂਦਰ ਲਈ ਝੋਨੇ ਦੀ ਖਰੀਦ ਕਰ ਰਹੀ ਹੈ। ਗੁਦਾਮਾਂ ਵਿਚ ਚੌਲ ਸਮੇਂ ਸਿਰ ਚੁੱਕਣਾ ਕੇਂਦਰ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ,ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।ਸਟੇਜ ਦੀ ਰਸਮ ਖ਼ਤਮ ਕਰਨ ਬਾਅਦ ਆਪ ਦੇ ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਨੇ ਭਾਜਪਾ ਦਫ਼ਤਰ ਵੱਲ ਜਾਣਾ ਸ਼ੁਰੂ ਕੀਤਾ। ਪੁਲਿਸ ਨੇ ਸਖ਼ਤ ਬੈਰੀਕੇਡ ਲਾਏ ਹੋਏ ਸਨ। ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਹਰਜੋਤ ਬੈਂਸ ਨੇ ਬੈਰੀਕੇਡ ਪਾਰ ਕਰਨ ਦਾ ਯਤਨ ਕੀਤੀ ਜਦਕਿ ਵਰਕਰਾਂ ਨੇ ਧੱਕਾਮੁੱਕੀ ਕਰ ਕੇ ਰੋਕਾਂ ਹਟਾਉਣ ਦਾ ਯਤਨ ਕੀਤਾ। ਇਸ ਧੱਕਾਮੁੱਕੀ ਵਿਚ ਪੁਲਿਸ ਨੇ ਕਈ ਮੰਤਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੋਛਾੜਾਂ ਛੱਡ ਦਿੱਤੀਆਂ।ਇੱਥੇ ਦੱਸਿਆ ਜਾਂਦਾ ਹੈ ਕਿ ਝੋਨੇ ਦੇ ਮੁੱਦੇ ’ਤੇ ਰਾਜਸੀ ਆਗੂ ਰੱਜਕੇ ਮੇਹਣੋ-ਮੇਹਣੀ ਹੋ ਰਹੇ ਹਨ। ਆਗੂਆਂ ਵਲੋਂ ਇਕ ਦੂਜੀ ਸਰਕਾਰ ਅਤੇ ਰਾਜਸੀ ਪਾਰਟੀ ’ਤੇ ਦੋਸ਼ ਲਾਏ ਜਾ ਰਹੇ ਹਨ। ਬੀਤੇ ਕੱਲ੍ਹ ਝੋਨੇ ਦੇ ਮੁੱਦੇ ’ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਫ਼ਦ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਚੌਲਾਂ ਦੀ ਚੁਕਾਈ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਵੀ ਕੀਤੀ ਸੀ।ਇਸ ਮੌਕੇ ’ਤੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਸਿੰਘ, ਸੁਖਵਿੰਦਰ ਸੁੱਖੀ, ਨਰਿੰਦਰ ਕੌਰ ਭਰਾਜ, ਦਿਨੇਸ਼ ਚੱਢਾ, ਡਾ ਚਰਨਜੀਤ ਸਿੰਘ, ਡਾ ਇੰਦਰਬੀਰ ਨਿੱਜਰ,ਬਲਕਾਰ ਸਿੰਘ,ਮੁਹੰਮਦ ਜਮੀਰ ਉਲ ਰਹਿਮਾਨ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕਈ ਆਪ ਆਗੂ ਹਾਜ਼ਰ ਸਨ। ਆਪ ਆਗੂਆਂ ਤੇ ਕਾਰਕੁੰਨਾਂ ਨੇ ਕੇਂਦਰ ਸਰਕਾਰ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾl
ਆਪ ਗੰਭੀਰ ਮੁੱਦੇ ’ਤੇ ਨਾਟਕ ਕਰ ਰਹੀ -ਬਿੱਟੂ –ਚੰਡੀਗੜ੍ਹ- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪ ਵਲੋਂ ਕੀਤੇ ਗਏ ਰੋਸ ਮੁਜਾਹਰੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਗੰਭੀਰ ਮੁੱਦੇ ’ਤੇ ਨਾਟਕ ਕਰ ਰਹੀ ਹੈ। ਉਨ੍ਹ੍ਹਾਂ ਕਿਹਾ ਕਿ ਚੰਗਾ ਹੁੰਦਾ ਆਪ ਸਰਕਾਰ ਦੇ ਮੰਤਰੀ ਤੇ ਵਿਧਾਇਕ ਮੰਡੀਆਂ ਵਿਚ ਜਾ ਕੇ ਖ਼ਰੀਦ ਤੇ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦਾ ਕੰਮ ਕਰਦੇ ਪਰ ਮੀਡੀਆ ਦੀ ਸੁਰਖੀਆ ਬਟੋਰਨ ਲਈ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦਾ ਡਰਾਮਾ ਕੀਤਾ।ਬਿੱਟੂ ਨੇ ਕਿਹਾ ਕਿ ਜੇਕਰ ਆਪ ਸਰਕਾਰ ਝੋਨਾ ਖਰੀਦਣ ਲਈ ਕੁੱਝ ਨਹੀਂ ਕਰ ਸਕਦੀ ਤਾਂ ਉਹ ਡਰਾਮਾ ਕਰਨਾ ਬੰਦ ਕਰ ਦੇਵੇ , ਕੇਂਦਰ ਸਰਕਾਰ ਖੁਦ ਮਸਲੇ ਨੂੰ ਨਿਬੇੜ ਦੇਵੇਗੀ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਸਰਕਾਰ ਦੂਜੀ ਸਰਕਾਰ ਨਾਲ ਗੱਲਬਾਤ ਕਰਦੀ ਹੈ, ਪਰ ਇੱਥੇ ਆਪ ਨੇ ਰਾਜਨੀਤੀ ਦੀ ਸਾਰੀ ਮਰਿਆਦਾ ਭੁਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਵਾਬ ਦੇਣ ਕਿ ਉਹ ਮੰਡੀਆਂ ਵਿਚ ਕਿਉਂ ਨਹੀਂ ਜਾ ਰਹੇ ?