PreetNama
ਸਮਾਜ/Social

ਪਾਪੀਆਂ ਨੂੰ ਮਿਲਦੈ ਕੀ ਏ, ਬੱਚੀਆਂ ‘ਤੇ ਤੇਜ਼ਾਬ ਸੁੱਟਿਆ.?

ਮਨੁੱਖ ਕਿੰਨਾ ਬੇ-ਗੈਰਤ ਅਤੇ ਗੁੱਸੇ ਦੀ ਪ੍ਰਵਿਰਤੀ ਵਾਲਾ ਹੋ ਗਿਆ ਹੈ ਅਤੇ ਝੱਟ ਪੱਟ ਵਿੱਚ ਹੀ ਉਹ ਅਜਿਹਾ ਕਰਨ ਦਾ ਫੈਸਲਾ ਕਰ ਲੈਂਦਾ ਹੈ, ਜਿਸ ਦੇ ਬਾਅਦ ਵਿੱਚ ਗੰਭੀਰ ਨਤੀਜੇ ਵੀ ਭੁਗਤਣੇ ਪੈਂਦੇ ਹਨ। ਕੁਦਰਤ ਨੇ ਹਰ ਮਨੁੱਖ ਨੂੰ ਇੱਕ ਅਲੱਗ ਸ਼ਕਲ ਪ੍ਰਦਾਨ ਕੀਤੀ ਹੈ। ਕਾਫੀ ਘੱਟ ਹੀ ਕਿਸੇ ਦੀ ਕਿਸੇ ਨਾਲ ਸ਼ਕਲ ਮਿਲਦੀ ਹੈ। ਫਿਰ ਕਿਉਂ ਅਸੀਂ ਉਸ ਦਿੱਖ ਨੂੰ ਬਦਸੂਰਤ ਕਰ ਦਿੰਦੇ ਹਾਂ? ਜੇਕਰ ਸਾਡੇ ਵਿੱਚ ਹਿੰਮਤ ਅਤੇ ਜਜ਼ਬਾ ਹੈ ਤਾਂ ਅਸੀਂ ਉਸ ਕੰਮ ਦਾ ਮੁਸਕਰਾਉਂਦੇ ਹੋਏ ਅਤੇ ਹੌਸਲੇ ਨਾਲ ਸਾਹਮਣਾ ਕਰੀਏ, ਤਾਂ ਜੋ ਅਸੀਂ ਆਪਣੀ ਅੜੀ ਨੂੰ ਸਮਾਜ ਦੇ ਸਾਹਮਣੇ ਪੁਗਾ ਕੇ ਵਿਖਾ ਸਕੀਏ। ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਦੀ ਬਿਨਾਂ ਕਿਸੇ ਨੂੰ ਨੁਕਸਾਨ ਦਿੱਤੇ ਹਿੰਮਤ ਜੁਟਾ ਸਕਦੇ ਹੋਈਏ।

ਉਹ ਲੋਕ ਦਿਲ ਦੇ ਕਾਫੀ ਜ਼ਿਆਦਾ ਕਮਜ਼ੋਰ ਹੁੰਦੇ ਨੇ, ਜੋ ਬਿਨ੍ਹਾਂ ਗੱਲ ਤੋਂ ਕਿਸੇ ‘ਤੇ ਤੇਜ਼ਾਬੀ ਹਮਲੇ ਕਰਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਦਿੰਦੇ ਹਨ। ਸਾਡੇ ਭਾਰਤ ਵਿੱਚ ਆਏ ਦਿਨ ਹੀ ਕਿਸੇ ਨਾ ਕਿਸੇ ਸ਼ਹਿਰ ਜਾਂ ਫਿਰ ਪਿੰਡਾਂ ਆਦਿ ਵਿੱਚ ਤੇਜ਼ਾਬੀ ਹਮਲੇ ਹੋਣ ਦੀ ਅਕਸਰ ਹੀ ਸੁਨਣ ਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਹਨ, ਪਰ ਇਹ ਤੇਜ਼ਾਬੀ ਹਮਲਿਆਂ ‘ਤੇ ਕੰਟਰੋਲ ਹੋਣ ਦੀ ਬਿਜਾਏ ਦਿਨ ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਹਨ। ਦੱਸ ਦਈਏ ਕਿ ਤੇਜ਼ਾਬੀ ਹਮਲੇ ਇੱਕ ਅਜਿਹੀ ਮਾੜੀ ਕੁਰੀਤੀ ਹੈ, ਜੋ ਸਾਡੇ ਸਮਾਜ ਵਿੱਚ ਇਨ੍ਹਾਂ ਦਿਨਾਂ ਅੰਦਰ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ। ਤੇਜ਼ਾਬੀ ਹਮਲਿਆਂ ਕਾਰਨ ਬੇਕਸੂਰ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ।

ਇਹ ਹਮਲੇ ਲੜਕੀਆਂ ਦੇ ਵਧਦੇ ਕਦਮਾਂ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਹੇ ਹਨ, ਜਿਸ ਨਾਲ ਉਹ ਨਾ ਹੀ ਮਰ ਸਕਦੀਆਂ ਹਨ ਅਤੇ ਨਾ ਜੀਅ ਸਕਦੀਆਂ ਹਨ। ਕੀ ਤੇਜ਼ਾਬ ਸੁੱਟਣ ਨਾਲ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ, ਜਿਨ੍ਹਾਂ ਦਾ ਉਹ ਹੱਲ ਕਰਨਾ ਚਾਹੁੰਦੇ ਹਨ? ਇਹ ਕਿੰਨੀ ਕੁ ਸੂਰਬੀਰਤਾ ਅਤੇ ਬਹਾਦਰੀ ਹੈ ਕਿ ਜੇ ਕੋਈ ਕੰਮ ਨਾ ਬਣੇ ਤਾਂ ਅਸੀਂ ਇਸ ਘਿਨਾਉਣੀ ਹਰਕਤ ਨਾਲ ਉਸ ਦੇ ਸਰੀਰਕ ਅੰਗਾਂ ਨੂੰ ਨੁਕਸਾਨ ਪਹੁੰਚਾਈਏ। ਜੇ ਜ਼ਿਆਦਾ ਪਿਛੋਕੜ ਵੱਲ ਵੇਖੀਏ ਤਾਂ ਇਹ ਉਹ ਨਿਰਾਸ਼ ਲੋਕ ਹਨ, ਜਿਨ੍ਹਾਂ ਨੂੰ ਆਪਣੇ ਪ੍ਰੇਮ ਜਾਂ ਆਸ਼ੇ ਵਿੱਚ ਸਫਲਤਾ ਨਾ ਮਿਲਣ ਕਾਰਨ ਉਹ ਅਜਿਹਾ ਘਟੀਆ ਕਾਰਾ ਕਰਦੇ ਹਨ।

ਬਦਲਦੇ ਜਮਾਨੇ ਦੀ ਗੱਲ ਕਰੀਏ ਤਾਂ ਜਿਵੇਂ-ਜਿਵੇਂ ਸਾਡੇ ਦੇਸ਼ ਨੇ ਤਰੱਕੀ ਵੱਲ ਕਦਮ ਰੱਖਣੇ ਸ਼ੁਰੂ ਕੀਤੇ ਹਨ, ਉਵੇਂ-ਉਵੇਂ ਸਾਡੇ ਦੇਸ਼ ਅੰਦਰ ਅਲੱਗ-ਅਲੱਗ ਪ੍ਰਕਾਰ ਦੇ ਹਮਲੇ ਵਧੇ ਹਨ। ਪਹਿਲੋਂ ਜਦੋਂ ਤੇਜ਼ਾਬ ਭਾਲਿਆ ਨਹੀਂ ਸੀ ਲੱਭਦਾ ਹੁੰਦਾ, ਹੁਣ ਉਹ ਆਮ ਵਿੱਕ ਰਿਹਾ ਹੈ। ਜਿਸ ਦਾ ਤੇਜ਼ਾਬੀ ਹਮਲੇ ਕਰਨ ਵਾਲੇ ਇਨਸਾਨ ਖ਼ੂਬ ਫ਼ਾਇਦਾ ਲੈ ਰਹੇ ਹਨ। ਸੋਸ਼ਲ ਮੀਡੀਆ ‘ਤੇ ਨਵੀਂ ਪਨੀਰੀ ਵਿੱਚ ਵਧੇ ਪਿਆਰ ਪ੍ਰੇਮ ਦੇ ਚੱਕਰਾਂ ਅਤੇ ਜਾਂ ਫਿਰ ਨਜਾਇਜ਼ ਸਬੰਧ ਵੀ ਅਜਿਹੀਆਂ ਸਮੱਸਿਆਵਾਂ ਦੇ ਕਾਰਨ ਬਣ ਜਾਂਦੇ ਹਨ। ਵੇਖਿਆ ਜਾਵੇ ਤਾਂ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਨੌਜਵਾਨ ਵੇਖਦੇ ਹਨ, ਉਹ ਉਸੇ ਪ੍ਰਕਾਰ ਦਾ ਹੀ ਕੰਮ ਕਰਦੇ ਹਨ।

ਕਦੀ ਵੀ ਉਹ ਮੰਨ ਦੇ ਅੰਦਰ ਇਹ ਖ਼ਿਆਲ ਨਹੀਂ ਲਿਆਉਂਦੇ ਕਿ ਅਸੀਂ ਆਪਣੇ ਨਿੱਜੀ ਫ਼ਾਇਦੇ ਲਈ ਕਿਸੇ ਦੀ ਜਿੰਦਗੀ ਬਰਬਾਦ ਕਰ ਰਹੇ ਹਾਂ। ਭਾਵੇਂ ਕਿ ਭਾਰਤ ਦੀ ਸਰਬ ਉੱਚ ਅਦਾਲਤ ਦੇ ਵੱਲੋਂ ਅਜਿਹੀਆਂ ਘਟਨਾਵਾਂ ਸਬੰਧੀ ਸਖ਼ਤ ਕਾਨੂੰਨ ਬਣਾਏ ਗਏ ਹਨ ਅਤੇ ਰਾਜ ਸਰਕਾਰਾਂ ਨੂੰ ਵੀ ਅਜਿਹੇ ਹਮਲਿਆਂ ਦੇ ਸ਼ਿਕਾਰ ਲੋਕਾਂ ਦੀ ਫ਼ੌਰੀ ਮਦਦ ਕਰਨ ਲਈ ਕਿਹਾ ਗਿਆ ਹੈ, ਪਰ ਫਿਰ ਵੀ ਕੁਝ ਮਨੁੱਖ ਦੇ ਇੱਕ ਪਲ ਦੇ ਗੁੱਸੇ ਦੇ ਕਾਰਨ ਸਾਹਮਣੇ ਵਾਲੇ ਦੀ ਜ਼ਿੰਦਗੀ ਨਰਕ ਸਮਾਨ ਹੋ ਜਾਂਦੀ ਹੈ ਅਤੇ ਜੇ ਜ਼ਿਆਦਾ ਤੇਜ਼ਾਬ ਪੈ ਜਾਵੇ ਤਾਂ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਮੈਂ ਇਸ ਲੇਖ ਰਾਹੀਂ ਤੇਜ਼ਾਬੀ ਹਮਲੇ ਲਈ ਜ਼ਿਆਦਾਤਰ ਸਮਾਜ ਨੂੰ ਹੀ ਜ਼ਿੰਮੇਵਾਰ ਠਹਿਰਾਵਾਂਗੀ, ਕਿਉਂਕਿ ਅਸੀਂ ਲੜਕੀਆਂ ਪ੍ਰਤੀ ਆਪਣੀ ਸੋਚ ਨੂੰ ਨਹੀਂ ਬਦਲਦੇ।

ਇਨ੍ਹਾਂ ਹਮਲਿਆਂ ਨਾਲ ਜਿੱਥੇ ਕਿਸੇ ਲੜਕੀ ਦਾ ਪੂਰਾ ਚਿਹਰਾ ਖ਼ਰਾਬ ਹੋ ਜਾਂਦਾ ਹੈ, ਉੱਥੇ ਨਾਲ ਹੀ ਕਿਸੇ ਦੀ ਅੱਖ ਜਾਂ ਹੱਥ-ਪੈਰ ਨੂੰ ਜਾਂ ਪੂਰਾ ਸਰੀਰ ਜਲਣ ਨਾਲ ਨੁਕਸਾਨ ਪਹੁੰਚਦਾ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲੋਂ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਇੱਕ 12ਵੀਂ ਜਮਾਤ ਦੀ ਵਿਦਿਆਰਥਣ ‘ਤੇ ਤੇਜ਼ਾਬ ਹਮਲੇ ਹੋਇਆ, ਜਿਸ ਤੋਂ ਬਾਅਦ ਸਬੰਧਿਤ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਤੇਜ਼ਾਬ ਵੇਚਣ ਵਾਲੇ ਦੁਕਾਨਦਾਰ ਨੂੰ ਵੱਡੀ ਮਾਤਰਾ ਵਿੱਚ ਤੇਜ਼ਾਬ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਦੇ ਨਾਲ ਹੀ ਬੀਤੇ ਕੁਝ ਦਿਨ ਪਹਿਲੋਂ ਇੱਕ ਨਾਬਾਲਗ ਲੜਕੀ ‘ਤੇ ਕਪੂਰਥਲਾ ਵਿੱਚ ਨੌਜਵਾਨ ਦੇ ਵੱਲੋਂ ਤੇਜ਼ਾਬ ਸੁੱਟਿਆ ਗਿਆ।

ਕੁਝ ਸਮਾਂ ਪਹਿਲਾਂ ਮੋਗਾ ਦੇ ਨਜ਼ਦੀਕ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ, ਜਿਸ ਵਿੱਚ ਪਿਤਾ ਨਾਲ ਜਾ ਰਹੀ ਧੀ ਉੱਤੇ ਤੇਜ਼ਾਬ ਸੁੱਟਿਆ ਗਿਆ ਸੀ। ਮਾਮਲਾ ਇੱਕ ਘਰੇਲੂ ਝਗੜੇ ਦਾ ਸੀ, ਜਿਸ ਕਾਰਨ ਪਤੀ-ਪਤਨੀ ਦਾ ਨਿੱਤ ਦਾ ਰੱਟਾ ਮੁਕਾਉਣ ਲਈ ਕੁੜੀ ਨੇ ਅਦਾਲਤ ਵਿੱਚ ਤਲਾਕ ਦਾ ਕੇਸ ਕੀਤਾ ਸੀ ਅਤੇ ਆਪਣੇ ਬਾਪ ਦੇ ਨਾਲ ਆਪਣੇ ਕੇਸ ਦੀ ਤਰੀਕ ਭੁਗਤਣ ਜਾ ਰਹੀ ਸੀ। ਰਾਹ ਵਿੱਚ ਉਸ ‘ਤੇ ਉਕਤ ਲੜਕੀ ਦੇ ਪਤੀ ਨੇ ਤੇਜ਼ਾਬ ਸੁੱਟ ਦਿੱਤਾ। ਨਾਲ ਹੀ ਉਸ ਦੇ ਪਿਤਾ ‘ਤੇ ਵੀ ਤੇਜ਼ਾਬ ਪਿਆ ਤੇ ਦੋਵੇਂ ਜਣੇ ਜ਼ਖਮੀ ਹੋ ਗਏ।

ਇਸੇ ਤਰ੍ਹਾਂ ਲੁਧਿਆਣਾ ਵਿਖੇ ਬੀਤੇ ਕੱਲ ਵੀ ਸਕੂਲ ਜਾ ਰਹੀ ਇਕ ਲੜਕੀ ਉਪਰ ਅਣਪਛਾਤੇ ਮੁੰਡੇ ਨੇ ਤੇਜ਼ਾਬ ਸੁੱਟ ਦਿੱਤਾ। ਵੇਖਿਆ ਜਾਵੇ ਤਾਂ ਹੋਰ ਪਤਾ ਨਹੀਂ ਇਹੋ ਜਿਹੇ ਕਿੰਨੇ ਮਾਮਲੇ ਹਨ, ਜਿਨ੍ਹਾਂ ਵਿੱਚ ਲੜਕੀਆਂ ਦੇ ਨਾਲ-ਨਾਲ ਉਨ੍ਹਾਂ ਦੇ ਘਰ ਪਰਿਵਾਰ ਦੇ ਮੈਂਬਰ ਅਤੇ ਦੋਸਤ ਮਿੱਤਰ ਵੀ ਜ਼ਖਮੀ ਹੋਏ ਹਨ। ਵੈਸੇ ਵੇਖਿਆ ਜਾਵੇ ਤਾਂ ਤੇਜ਼ਾਬੀ ਹਮਲੇ ਕਰਨ ਵਾਲੇ ਕਦੀ ਸੋਚਦੇ ਹੀ ਨਹੀਂ ਕਿ ਜਿਸ ਲੜਕੀ ਉੱਪਰ ਹਮਲਾ ਹੁੰਦਾ ਹੈ, ਉਸ ਦਾ ਸੁਪਨਾ ਕੀ ਹੈ? ਉਹੀ ਲੜਕੀ ਪੁਲਿਸ ਅਫ਼ਸਰ ਬਣ ਕੇ ਸਾਡੇ ਸਮਾਜ ਵਿੱਚ ਮਿਸਾਲ ਬਣ ਸਕਦੀ ਹੈ, ਨਾਲ ਹੋਰਾਂ ਲੜਕੀਆਂ ਲਈ ਇੱਕ ਪ੍ਰੇਰਨਾ ਵੀ ਜਾਂ ਉਹ ਲੜਕੀ ਡਾਕਟਰ, ਅਧਿਆਪਕ, ਵਕੀਲ ਜਾਂ ਹੋਰ ਕੋਈ ਮਹਿਕਮੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੀ ਹੈ, ਪਰ ਸਮਾਜ ਵਿੱਚ ਕਈ ਲੋਕ ਆਪਣੀ ਹਵਸ ਪੂਰੀ ਕਰਨ ਲਈ ਜਾਂ ਲੜਕੀ ਵੱਲੋਂ ਕਿਸੇ ਗੱਲ ਤੋਂ ਨਾਂਹ ਕਰਨ ਦਾ ਬਦਲਾ ਲੈਣ ਲਈ ਤੇਜ਼ਾਬੀ ਹਮਲਾ ਕਰ ਦਿੰਦੇ ਹਨ।

ਕੁੱਲ ਮਿਲਾ ਕੇ ਵੇਖੀਏ ਜਾਵੇ ਤਾਂ ਸਿਰਫ਼ ਅਸਫਲ ਵਿਅਕਤੀ ਹੀ ਅਜਿਹੀ ਘਟਨਾ ਨੂੰ ਅੰਜਾਮ ਦਿੰਦੇ ਹਨ। ਕਿਉਂ ਜੋ ਉਨ੍ਹਾਂ ਦਾ ਹੋਰ ਕਿਸੇ ਪਾਸੇ ਵੱਲ ਜ਼ੋਰ ਨਹੀਂ ਚਲਦਾ ਹੁੰਦਾ। ਆਖਰ ‘ਤੇ ਇਹ ਹੀ ਕਹਾਂਗੀ ਕਿ ਕਿਸੇ ਦਾ ਮਨ ਪੜ੍ਹਨ ਵਾਲੀ ਕੋਈ ਮਸ਼ੀਨ ਤਾਂ ਹੁਣ ਤੱਕ ਬਣੀ ਨਹੀਂ ਅਤੇ ਨਾ ਹੀ ਸ਼ਾਇਦ ਬਣ ਸਕਦੀ ਹੈ। ਪਰ ਸਾਨੂੰ ਕੁਦਰਤ ਵੱਲੋਂ ਮਿਲੀ ਜ਼ਿੰਦਗੀ ਚੰਗੇ ਕੰਮ ਕਰਨ ਤੇ ਦੂਜਿਆਂ ਦੇ ਭਲੇ ਕਰਨ ਲਈ ਮਿਲੀ ਹੈ। ਜੇ ਮੁਸੀਬਤਾਂ ਨਾਲ ਲੜਣਾ ਹੈ ਤਾਂ ਸਭ ਤੋਂ ਪਹਿਲੋਂ ਆਪਣੇ ਅੰਦਰ ਹਿੰਮਤ ਅਤੇ ਜਜ਼ਬਾ ਭਰੋ ਤਾਂ ਜੋ ਆਪਣੇ ਮਨ ਵਿੱਚੋਂ ਬੁਰੇ ਵਿਕਾਰਾਂ ਨੂੰ ਕੱਢ ਸਕੀਏ। ਮੁੱਕਦੀ ਗੱਲ ਹੈ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਤਾਂ ਹੀ ਤੇਜ਼ਾਬੀ ਹਮਲੇ ਰੁਕ ਸਕਦੇ ਹਨ।

ਲੇਖਿਕਾ- ਪਰਮਜੀਤ ਕੌਰ ਸਿੱਧੂ

Related posts

ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਕਦੋਂ ਹੋਵੇਗੀ ਵੋਟ, ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦੱਸਿਆ ਸਰਕਾਰ ਬਚਾਉਣ ਦਾ ਫਾਰਮੂਲਾ

On Punjab

‘ਜੇ ਕਾਨੂੰਨ ਤੁਹਾਨੂੰ ਜਿਉਣ ਦੀ ਇਜਾਜ਼ਤ ਦਿੰਦਾ ਹੈ, ਤਾਂ ਫਾਂਸੀ ਲਗਾਉਣਾ ਹੈ ਪਾਪ’: ਸੁਪਰੀਮ ਕੋਰਟ

On Punjab

ਨਿਊਜ਼ੀਲੈਂਡ ’ਚ ਕੋਵਿਡ ਬੇਅਸਰ, ਜਾਣੋ ਇਸ ਦੇਸ਼ ਨੇ ਕਿਵੇਂ ਕੀਤਾ ਕੋਰੋਨਾ ’ਤੇ ਕਾਬੂ

On Punjab