verma again slams kejriwal: ਦਿੱਲੀ ਦੇ ਚੋਣ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਬਿਆਨਬਾਜ਼ੀ ਨੇ ਜ਼ੋਰ ਫੜ੍ਹ ਲਿਆ ਹੈ। ਹੁਣ ਇਸ ਕੜੀ ਵਿੱਚ ਇੱਕ ਹੋਰ ਬਿਆਨ ਜੋੜ ਗਿਆ ਹੈ। ਇਸ ਵਾਰ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਇੱਕ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਵਿੱਚ ਵਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਨਟਵਰਲਾਲ’ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਨਲਾਇਕ ਪੁੱਤਰ ਹੈ, ਜੋ ਸਰਜੀਕਲ ਸਟ੍ਰਾਈਕ ਦੇ ਸਬੂਤ ਦੀ ਮੰਗ ਕਰ ਰਿਹਾ ਹੈ। ਬੀਜੇਪੀ ਨੇਤਾ ਨੇ ਮੁੱਖ ਮੰਤਰੀ ਕੇਜਰੀਵਾਲ ‘ਤੇ ਸਖਤ ਹਮਲੇ ਕਰਦਿਆਂ ਕਿਹਾ ਕਿ ਇਹ ਦਿੱਲੀ ਦਾ ਨਲਾਇਕ ਪੁੱਤਰ ਹੈ, ਜੋ ਦਿੱਲੀ ਛੱਡ ਕੇ ਬਨਾਰਸ ਵਿੱਚ ਚੋਣ ਲੜਨ ਗਿਆ ਸੀ।
ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨਿਰੰਤਰ ਇਲਜ਼ਾਮ ਲਾ ਰਹੀ ਹੈ ਕਿ ਭਾਜਪਾ ਦਿੱਲੀ ਚੋਣਾਂ ਵਿੱਚ ਫਿਰਕੂ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਇਸ ਦੋਸ਼ ਤੇ ਨਿਸ਼ਾਨਾ ਸਾਧਦਿਆਂ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਹ ਲੋਕ ਸਾਡੇ ‘ਤੇ ਚੋਣਾਂ ‘ਚ ਫਿਰਕੂ ਜ਼ਹਿਰ ਘੋਲਣ ਦਾ ਦੋਸ਼ ਲਗਾ ਰਹੇ ਹਨ ਪਰ ਇਕ ਸਵਾਲ ਪੁੱਛ ਰਿਹਾ ਹਾਂ ਕਿ ਉਹ ਮਸਜਿਦ ਦੇ ਇਮਾਮਾਂ ਨੂੰ 18,000 ਰੁਪਏ ਦੇ ਰਹੇ ਹਨ ਅਤੇ ਹੁਣ ਹਨੂੰਮਾਨ ਚਾਲੀਸਾ ਪੜ੍ਹ ਰਹੇ ਹਨ।
ਦਿੱਲੀ ਚੋਣਾਂ ਵਿੱਚ ਵਰਮਾ ਆਪਣੇ ਬਿਆਨਾਂ ਕਾਰਨ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਜ਼ੋਰਦਾਰ ਹਮਲਾ ਬੋਲਿਆ ਸੀ ਅਤੇ ਅਰਵਿੰਦ ਕੇਜਰੀਵਾਲ ਖਿਲਾਫ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰਵੇਸ਼ ਵਰਮਾ ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਹੁਣ ਪਾਬੰਦੀ ਖਤਮ ਹੋ ਗਈ ਹੈ ਅਤੇ ਚੋਣ ਪ੍ਰਚਾਰ ਵਿੱਚ ਪਰਤਦਿਆਂ ਪ੍ਰਵੇਸ਼ ਵਰਮਾ ਨੇ ਫਿਰ ਹਮਲਾਵਰ ਰੁਖ ਅਪਣਾਇਆ ਹੈ।