ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਆਪਣੀ ਮਾਤਾ ਤੇ ਪਤਨੀ ਨਾਲ ਬਿਨਾਂ ਕਿਸੇ ਹੱਲੇ-ਗੁੱਲੇ ਤੇ ਰੋਡ ਸ਼ੋਅ ਦੇ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ। ਇਸ ਸਮੇਂ ਪਰਮਿੰਦਰ ਦੇ ਪਿਤਾ ਸੁਖਦੇਵ ਢੀਂਡਸਾ ਹਾਜ਼ਰ ਨਹੀਂ ਸਨ।
ਦਰਅਸਲ, ਸੁਖਦੇਵ ਢੀਂਡਸਾ ਪਰਮਿੰਦਰ ਢੀਂਡਸਾ ਨੂੰ ਲੋਕ ਸਭਾ ਚੋਣ ਲੜਨ ਤੋਂ ਲਗਾਤਾਰ ਵਰਜਦੇ ਰਹੇ ਹਨ ਪਰ ਧਰਮ ਸੰਕਟ ‘ਚ ਘਿਰੇ ਪਰਮਿੰਦਰ ਢੀਂਡਸਾ ਨੇ ਪਾਰਟੀ ਦੀ ਮੰਨਦਿਆਂ ਚੋਣ ਲੜਨ ਲਈ ਹਾਮੀ ਭਰ ਦਿੱਤੀ ਸੀ। ਜਦੋਂ ਤੋਂ ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਟਿਕਟ ਮਿਲਿਆ ਉਦੋਂ ਤੋਂ ਹੀ ਸੁਖਦੇਵ ਸਿੰਘ ਢੀਂਡਸਾ ਸੰਗਰੂਰ ‘ਚ ਦਿਖਾਈ ਨਹੀਂ ਦਿੰਦੇ। ਇੱਥੋਂ ਤਕ ਕਿ ਉਹ ਆਪਣੇ ਪੁੱਤਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਵੀ ਨਹੀਂ ਨਿੱਕਲੇ।
ਦੂਜੇ ਪਾਸੇ ਜਦੋਂ ਪਰਮਿੰਦਰ ਢੀਂਡਸਾ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਹੀਂ ਜਿਸ ਕਾਰਨ ਉਹ ਮੇਰੇ ਨਾਲ ਨਹੀਂ ਆ ਰਹੇ ਪਰ ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਹਾਲਾਂਕਿ, ਇਸ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਭਾਜਪਾ ਆਗੂ ਅਨਿਲ ਜੋਸ਼ੀ ਵੀ ਹਾਜ਼ਰ ਸਨ।