ਮੱਧ ਪ੍ਰਦੇਸ਼-ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ ਦੋ ਭਰਾਵਾਂ ਵਿਚਾਲੇ ਆਪਣੇ ਪਿਤਾ ਦੇ ਸਸਕਾਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇੱਕ ਭਰਾ ਨੇ ਪਿਤਾ ਦੀ ਲਾਸ਼ ਦਾ ਅੱਧਾ ਹਿੱਸਾ ਮੰਗ ਲਿਆ, ਜਿਸ ਕਾਰਨ ਮਾਮਲੇ ਵਿੱਚ ਪੁਲੀਸ ਨੂੰ ਦਖਲ ਦੇਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 45 ਕਿਲੋਮੀਟਰ ਦੂਰ ਲਿਧੋਰਤਾਲ ਪਿੰਡ ਦੀ ਹੈ। ਜਟਾਰਾ ਥਾਣਾ ਇੰਚਾਰਜ ਅਰਵਿੰਦ ਸਿੰਘ ਡਾਂਗੀ ਨੇ ਦੱਸਿਆ ਕਿ ਦੋ ਭਰਾਵਾਂ ਵਿਚਾਲੇ ਝਗੜੇ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਧਿਆਨੀ ਸਿੰਘ ਘੋਸ਼ (84) ਆਪਣੇ ਛੋਟੇ ਪੁੱਤਰ ਦੇਸਰਾਜ ਨਾਲ ਰਹਿੰਦਾ ਸੀ ਅਤੇ ਲੰਮੀ ਬਿਮਾਰੀ ਮਗਰੋਂ ਐਤਵਾਰ ਨੂੰ ਉਸ ਦਾ ਦੇਹਾਂਤ ਹੋ ਗਿਆ। ਇਸ ਬਾਰੇ ਪਤਾ ਲੱਗਣ ਮਗਰੋਂ ਉਸ ਦਾ ਵੱਡਾ ਪੁੱਤਰ ਕਿਸ਼ਨ ਵੀ ਮੌਕੇ ’ਤੇ ਪਹੁੰਚ ਗਿਆ। ਇਸ ਦੌਰਾਨ ਕਿਸ਼ਨ ਨੇ ਇਹ ਕਹਿ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਕਰੇਗਾ, ਜਦਕਿ ਛੋਟੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਦੀ ਇੱਛਾ ਸੀ ਕਿ ਉਹ ਉਸ ਦੀਆਂ ਅੰਤਿਮ ਰਸਮਾਂ ਨਿਭਾਏ। ਅਧਿਕਾਰੀ ਨੇ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਲੱਗ ਰਹੇ ਕਿਸ਼ਨ ਨੇ ਲਾਸ਼ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਦੋਵਾਂ ਭਰਾਵਾਂ ਨੂੰ ਵੰਡਣ ’ਤੇ ਜ਼ੋਰ ਪਾਇਆ। ਅਧਿਕਾਰੀ ਅਨੁਸਾਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਿਸੇ ਤਰ੍ਹਾਂ ਕਿਸ਼ਨ ਨੂੰ ਸਮਝਾਇਆ, ਜਿਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਛੋਟੇ ਪੁੱਤਰ ਨੇ ਆਪਣੇ ਪਿਤਾ ਦਾ ਸਸਕਾਰ ਕੀਤਾ।