ਮੈਲਬਰਨ: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਠੱਠਗੜ੍ਹ ਨਾਲ ਸਬੰਧਤ ਤੇਜਬੀਰ ਸਿੰਘ ਰਾਣਾ ਨੇ ਇੱਥੇ ਹੋਈ ਏਸ਼ੀਆ ਪੈਸੀਫਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ (Asia Pacific Championships 2025, Melbourne, Australia) ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਇੱਥੋਂ ਦੇ ਕਨਵੈਨਸ਼ਨ ਸੈਂਟਰ ‘ਚ ਵਰਲਡ ਪਾਵਰ ਲਿਫ਼ਟਿੰਗ ਐਸੋਸੀਏਸ਼ਨ (World Powerlifting Association) ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ 20 ਏਸ਼ੀਆ-ਪੈਸੀਫਿਕ ਮੁਲਕਾਂ ਦੀ ਖਿਡਾਰੀ ਸ਼ਮੂਲੀਅਤ ਕਰਦੇ ਹਨ।
ਆਪਣੀ ਜਿੱਤ ਬਾਰੇ ਗੱਲਬਾਤ ਕਰਦਿਆਂ ਤੇਜਬੀਰ ਸਿੰਘ ਨੇ ਕਿਹਾ ਕਿ ਮਾਸਟਰ ਕੈਟਾਗਰੀ ‘ਚ ਇਹ ਜਿੱਤ ਓਹ ਆਪਣੇ ਵਤਨ ਦੇ ਲੋਕਾਂ ਨੂੰ ਸਮਰਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਸਖ਼ਤ ਮੁਕਾਬਲੇਬਾਜ਼ੀ ਦੇ ਬਾਵਜੂਦ ਲੰਮੇ ਸਮੇਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
ਗੋਆ ’ਚ ਹੋਏ ਕੌਮੀ ਮੁਕਾਬਲਿਆਂ ਮਗਰੋਂ ਚੁਣੇ ਜਾਣ ’ਤੇ ਕੌਮਾਂਤਰੀ ਮੰਚ ‘ਤੇ ਆਏ ਤੇਜਬੀਰ ਸਿੰਘ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਖੁਦ ‘ਚ ਵਿਸ਼ਵਾਸ ਕਰ ਕੇ ਮੰਜ਼ਿਲ ਨੂੰ ਟੀਚਾ ਮੰਨਦਿਆਂ ਕੀਤੀ ਅਣਥੱਕ ਮਿਹਨਤ ਰੰਗ ਲਿਆਉਂਦੀ ਹੈ, ਇਸ ਲਈ ਨਸ਼ਿਆਂ/ਦਵਾਈਆਂ ਤੋਂ ਦੂਰ ਰਹਿ ਕੇ ਸਫਲਤਾ ਵੱਲ ਧਿਆਨ ਦੇਣਾ ਜ਼ਰੂਰੀ ਹੈ ਤੇ ਇਸ ਲਈ ਸਮਾਂ ਵੀ ਲੱਗ ਸਕਦਾ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਲੋੜਵੰਦ ਬੱਚਿਆਂ ਦੀ ਬਾਂਹ ਫੜ ਕੇ ਮੇਲਿਆਂ ਤੋਂ ਕੌਮਾਂਤਰੀ ਮੰਚਾਂ ਤੱਕ ਲੈ ਕੇ ਆਉਣ ਦੀ ਅਪੀਲ ਕੀਤੀ। ਤੇਜਬੀਰ ਸਿੰਘ ਇਸ ਮੌਕੇ ਅੰਮ੍ਰਿਤਸਰ ਵਿਖੇ ਨੌਜਵਾਨਾਂ ਨੂੰ ਖੇਡਾਂ ਦੀ ਸਿਖਲਾਈ ਦੇ ਰਹੇ ਹਨ।