ਸਵਿੰਦਰ ਕੌਰ, ਮੋਹਾਲੀ
ਪੀਜੀਆਈ ਦੇ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦਿੱਤੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਅੱਲ੍ਹੜ ਉਮਰ ਦੇ ਮੁੜ ਤੋਂ ਜਿਊਂਦੇ ਹੋਣ ਦੀ ਖ਼ਬਰ ਹੈ। ਹਾਲਾਂਕਿ, ਇਸ ਸਮੇਂ ਵੀ ਨੌਜਵਾਨ ਦੀ ਹਾਲਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਆਇਆ, ਪਰ ਸਾਹ ਚੱਲ ਰਹੇ ਹਨ ਤੇ ਫ਼ਰੀਦਕੋਟ ਵਿੱਚ ਉਹ ਜ਼ੇਰੇ ਇਲਾਜ ਹੈ।
ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਸ਼ਿੰਗਾਰਾ ਸਿੰਘ ਦੀ ਇਕਲੌਤੀ ਔਲਾਦ 15 ਸਾਲਾ ਗੁਰਤੇਜ ਸਿੰਘ ਨੂੰ ਬੀਤੀ ਸੱਤ ਜਨਵਰੀ ਨੂੰ ਅੱਖ ਦੀ ਨਿਗ੍ਹਾ ਘਟਣ ਤੇ ਸਰੀਰ ਦਾ ਇੱਕ ਪਾਸਾ ਘੱਟ ਕੰਮ ਕਰਨ ਦੀ ਸ਼ਿਕਾਇਤ ਕਾਰਨ ਬਠਿੰਡਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਡਾਕਟਰਾਂ ਨੇ ਸਿਰ ਵਿੱਚ ਰਸੌਲੀ ਦੱਸ ਕੇ ਡੀਐਮਸੀ, ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਨੌਜਵਾਨ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਦੋ ਦਿਨ ਉਸ ਦਾ ਇਲਾਜ ਚੱਲਿਆ ਅਤੇ 10 ਜਨਵਰੀ ਨੂੰ ਦਿਮਾਗ ਦੀ ਨਸ ਫਟਣ ਕਾਰਨ ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਆਪ੍ਰੇਸ਼ਨ ਲਈ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਗੁਰਤੇਜ ਨੂੰ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ’ਚ ਰੱਖਣ ਤੋਂ ਬਾਅਦ 11 ਜਨਵਰੀ ਨੂੰ ਸਵੇਰੇ ਛੇ ਵਜੇ ਮ੍ਰਿਤਕ ਐਲਾਨ ਦਿੱਤਾ। ਲੜਕੇ ਦੀ ਮੌਤ ਬਾਰੇ ਪਤਾ ਲੱਗਣ ’ਤੇ ਰਿਸ਼ਤੇਦਾਰ ਤੇ ਪਿੰਡ ਵਾਸੀ ਉਸ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਸਸਕਾਰ ਦੀ ਤਿਆਰ ਕੀਤੀ ਜਾਣ ਲੱਗੀ।
ਗੁਰਤੇਜ ਦੀ ਦੇਹ ਨੂੰ ਵੈਨ ਰਾਹੀਂ ਪਿੰਡ ਲਿਆਂਦਾ ਜਾ ਰਿਹਾ ਸੀ ਕਿ ਪਿੰਡ ਤੋਂ ਪੰਜ ਕਿਲੋਮੀਟਰ ਪਿੱਛੇ ਰੂੜੇਕੇ ਕਲਾਂ ’ਚ ਗੱਡੀ ਰੋਕ ਕੇ ਜਦੋਂ ਉਸ ਦੇ ਕੱਪੜੇ ਬਦਲਣ ਲੱਗੇ ਤਾਂ ਗੁਆਂਢੀ ਸਤਨਾਮ ਸਿੰਘ ਨੂੰ ਲੜਕੇ ਦੇ ਸਾਹ ਚੱਲਦੇ ਹੋਣ ਦਾ ਸ਼ੱਕ ਹੋਇਆ। ਇਸ ਮਗਰੋਂ ਪਿੰਡ ਦੇ ਕੈਮਿਸਟ ਨੂੰ ਬੁਲਾਇਆ ਤੇ ਉਸ ਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ, ਜੋ ਆਮ ਨਿੱਕਲਿਆ। ਇਸ ਮਗਰੋਂ ਲੜਕੇ ਨੇ ਅੱਖਾਂ ਵੀ ਖੋਲ੍ਹ ਲਈਆਂ। ਪਰ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਰਿਸ਼ਤੇਦਾਰ ਗੁਰਤੇਜ ਨੂੰ ਮਾਂ ਨਾਲ ਮਿਲਾਉਣ ਪਿੰਡ ਲੈ ਗਏ। ਉਸ ਨੇ ਮਾਂ ਵੱਲ ਦੇਖ ਕੇ ਪਛਾਣਿਆ ਤੇ ਮੁਸਕੁਰਾਇਆ ਵੀ।
ਪਿੰਡ ਤੋਂ ਫਿਰ ਗੁਰਤੇਜ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਚੈੱਕਅਪ ਮਗਰੋਂ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਭੇਜ ਦਿੱਤਾ ਹੈ। ਗੁਰਤੇਜ ਦੀ ਹਾਲਤ ਇਸ ਸਮੇਂ ਵੀ ਕਾਫੀ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ‘ਤੇ ਹੈ।