ਅਮਰੀਕੀ ਵੀਜ਼ਾ ਲਈ ਹੋ ਰਹੀਆਂ ਪਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਬਾਇਡਨ ਪ੍ਰਸ਼ਾਸਨ ਐੱਚ-1ਬੀ ਤੇ ਐੱਲ-1 ਵੀਜ਼ਾ ਵਰਗੇ ਕੁਝ ਵਿਸ਼ੇਸ਼ ਸ਼੍ਰੇਣੀ ਲਈ ‘ਡੋਮੈਸਟਿਕ ਵੀਜ਼ਾ ਰੀਵੈਲੀਡੇਸ਼ਨ’ ਪ੍ਰਕਿਰਿਆ ਮੁੜ ਤੋਂ ਬਹਾਲ ਕਰਨ ਜਾ ਰਿਹਾ ਹੈ। ਪਾਇਲਟ ਪ੍ਰੋਜੈਕਟ ਤਹਿਤ ਇਸ ਨੂੰ ਇਸੇ ਸਾਲ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨਾਲ ਹਜ਼ਾਰਾਂ ਵਿਦੇਸ਼ੀ ਟੈੱਕ ਮੁਲਾਜ਼ਮਾਂ ਨੂੰ ਲਾਭ ਮਿਲੇਗਾ, ਖ਼ਾਸ ਤੌਰ ’ਤੇ ਭਾਰਤੀਆਂ ਨੂੰ ਫ਼ਾਇਦਾ ਹੋਵੇਗਾ।
2004 ਤਕ ਐੱਚ-1ਬੀ ਵਰਗੇ ਵਿਸ਼ੇਸ਼ ਸ਼੍ਰੇਣੀ ਦੇ ਗ਼ੈਰ-ਅਪ੍ਰਵਾਸੀ ਵੀਜ਼ੇ ਦਾ ਅਮਰੀਕਾ ਵਿਚ ਹੀ ਨਵੀਨੀਕਰਨ ਹੋ ਜਾਂਦਾ ਸੀ। ਇਸ ਤੋਂ ਬਾਅਦ ਵਿਦੇਸ਼ ਟੈੱਕ ਮੁਲਾਜ਼ਮਾਂ ਲਈ ਇਹ ਅਮਰੀਕਾ ਤੋਂ ਬਾਹਰ, ਜ਼ਿਆਦਾਤਰ ਉਨ੍ਹਾਂ ਦੇ ਖ਼ੁਦ ਦੇ ਦੇਸ਼ ਵਿਚ ਹੋਣ ਲੱਗਾ। ਪਹਿਲਾਂ ਐੱਚ-1ਬੀ ਵੀਜ਼ਾਧਾਰਕਾਂ ਨੂੰ ਵੀਜ਼ਾ ਨਵੀਨੀਕਰਨ ਲਈ ਅਮਰੀਕਾ ਤੋਂ ਬਾਹਰ ਜਾਣ ਦੀ ਜ਼ਰੂਰਤ ਪੈਂਦੀ ਸੀ, ਜਦੋਂ ਉਹ ਅਮਰੀਕਾ ਤੋਂ ਬਾਹਰ ਯਾਤਰਾ ਕਰਨਾ ਚਾਹੁੰਦੇ ਸਨ ਅਤੇ ਫਿਰ ਤੋਂ ਅਮਰੀਕਾ ਆਉਣਾ ਚਾਹੁੰਦੇ ਸਨ। ਫ਼ਿਲਹਾਲ ਹੁਣ ਐੱਚ-1ਬੀ ਵੀਜ਼ਾ ਰੀਸਟੈਂਪਿੰਗ ਦੀ ਅਮਰੀਕਾ ਵਿਚ ਇਜਾਜ਼ਤ ਨਹੀਂ ਹੈ। ਇਹ ਸਿਰਫ਼ ਕਿਸੇ ਵੀ ਅਮਰੀਕੀ ਵਣਜ ਦੂਤਘਰ ਵਿਚ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਮਰੀਕਾ ਤੋਂ ਬਾਹਰ ਜਾਣਾ ਪੈਂਦਾ ਹੈ। ਇਹ ਵਿਦੇਸ਼ੀ ਮੁਲਾਜ਼ਮਾਂ ਲਈ ਵੱਡੀ ਅਸਹੂਲਤ ਸੀ, ਖ਼ਾਸ ਕਰ ਕੇ ਅਜਿਹੇ ਸਮੇਂ ਵਿਚ ਜਦੋਂ ਵੀਜ਼ਾ ਉਡੀਕ ਸਮਾਂ 800 ਦਿਨਾਂ ਤੋਂ ਵੱਧ ਹੋਵੇ। ਐੱਚ-1ਬੀ ਵੀਜ਼ਾ ਇਕੱਠੇ ਤਿੰਨ ਸਾਲ ਲਈ ਜਾਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਮਰੀਕਾ ਨੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਬੈਕਲਾਗ ਸਮਾਪਤ ਕਰਨ ਦਾ ਐਲਾਨ ਕੀਤਾ ਹੈ।