ਆਂਧਰਾ ਪ੍ਰਦੇਸ਼-ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦਾ ਪੀਐੱਸਐੱਲਵੀ-ਸੀ60 ਰਾਕੇਟ ਦੋ ਸਪੇਸਕਰਾਫਟਾਂ ਨੂੰ ਲੈ ਕੇ ਅੱਜ ਦੇਰ ਰਾਤ ਇੱਥੇ ਪੁਲਾੜ ਕੇਂਦਰ ਤੋਂ ਰਵਾਨਾ ਹੋਇਆ ਸੀ। ਇਹ ਦੋਵੇਂ ਸਪੇਸਕਰਾਫਟ ਸਫ਼ਲਤਾਪੂਰਵਕ ਵੱਖ ਹੋ ਗਏ ਹਨ। ਇਸ ਮਿਸ਼ਨ ਨਾਲ ਭਵਿੱਖ ਦੇ ਪੁਲਾੜ ਮਿਸ਼ਨਾਂ ਲਈ ਮਹੱਤਵਪੂਰਨ ਤਕਨਾਲੋਜੀ, ਪੁਲਾੜ ਡੌਕਿੰਗ ਦੇ ਪ੍ਰਦਰਸ਼ਨ ਵਿੱਚ ਮਦਦ ਮਿਲੇਗੀ। ਮਿਸ਼ਨ ਡਾਇਰੈਕਟਰ ਐੱਮ ਜਯਾਕੁਮਾਰ ਨੇ ਕਿਹਾ, ‘‘ਦੋਵੇਂ ਸਪੇਸਕਰਾਫਟ ਸਫ਼ਲਤਾਪੂਰਵਕ ਪੀਐੱਸਐੱਲਵੀ ਸੀ60 ਤੋਂ ਵੱਖ ਹੋ ਗਏ ਹਨ।’’ਇਸਰੋ ਵੱਲੋਂ 2035 ਤੱਕ ਆਪਣਾ ਖ਼ੁਦ ਦਾ ਪੁਲਾੜ ਸਟੇਸ਼ਨ ਸਥਾਪਤ ਕੀਤੇ ਜਾਣ ਦੀ ਯੋਜਨਾ ਤਹਿਤ 44.5 ਮੀਟਰ ਲੰਬੇ ਧਰੁੱਵੀ ਉਪ ਗ੍ਰਹਿ ਸਪੇਸਕਰਾਫਟ (ਪੀਐੱਸਐੱਲਵੀ) ਸਪੇਸਕਰਾਫਟ ‘ਏ’ ਅਤੇ ‘ਬੀ’ ਨੂੰ ਨਾਲ ਲੈ ਕੇ ਗਿਆ। ਇਨ੍ਹਾਂ ਵਿੱਚੋਂ ਹਰੇਕ ਦਾ ਵਜ਼ਨ 220 ਕਿੱਲੋਗ੍ਰਾਮ ਹੈ। ਇਹ ਮਿਸ਼ਨ ਪੁਲਾੜ ਡੌਕਿੰਗ, ਉਪ ਗ੍ਰਹਿ ‘ਸਰਵਿਸਿੰਗ’ ਅਤੇ ਅੰਤਰਗ੍ਰਹਿ ਮਿਸ਼ਨ ਵਿੱਚ ਮਦਦਾ ਕਰੇਗਾ। 25 ਘੰਟੇ ਦੀ ਉਲਟੀ ਗਿਣਤੀ ਦੀ ਸਮਾਪਤੀ ’ਤੇ ਪੀਐੱਸਐੱਲਵੀ-ਸੀ60 ਆਪਣੀ 62ਵੀਂ ਉਡਾਣ ’ਤੇ ਇਸ ਸਪੇਸਕਰਾਫਟ ਦੇ ਪਹਿਲੇ ‘ਲਾਂਚ ਪੈਡ’ ਤੋਂ ਗਾੜ੍ਹਾ ਸੰਤਰੀ ਰੰਗ ਦਾ ਧੂੰਆਂ ਛੱਡਦਾ ਹੋਇਆ ਉੱਪਰ ਉੱਠਿਆ। ਲਾਂਚ ਦੀ ਯੋਜਨਾ ਮੂਲ ਰੂਪ ਤੋਂ ਸੋਮਵਾਰ ਰਾਤ 9.58 ਵਜੇ ਬਣਾਈ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਰਾਤ 10 ਵਜੇ ਲਈ ਪੁਨਰਨਿਰਧਾਰਤ ਕਰ ਦਿੱਤਾ। ਪੁਲਾੜ ਡੌਕਿੰਗ ਟੈਕਨੋਲੋਜੀ ਵਿੱਚ ਮੁਹਾਰਤ ਹਾਸਲ ਕਰ ਕੇ, ਇਸਰੋ ਆਪਣੇ ਮਿਸ਼ਨ ‘ਕਸ਼ਿਤਿਜ’ ਦਾ ਵਿਸਤਾਰ ਕਰਨ ਤੋਂ ਇਲਾਵਾ ਆਪਣੀ ਕਾਰਜਸ਼ੀਲ ਲਚਕਤਾ ਨੂੰ ਵਧਾਉਣ ਦੀ ਤਿਆਰੀ ਵਿੱਚ ਹੈ। ਇਹ ਤਕਨਾਲੋਜੀ ਭਾਰਤ ਦੇ ਕੁਝ ਖ਼ਾਸ ਮਿਸ਼ਨਾਂ ਜਿਵੇਂ ਕਿ ਚੰਦ ’ਤੇ ਭਾਰਤੀ ਅਤੇ ਚੰਦ ਤੋਂ ਨਮੂਨੇ ਲੈਣ (ਚੰਦਰਯਾਨ-4 ਮਿਸ਼ਨ), ਭਾਰਤੀ ਪੁਲਾੜ ਸਟੇਸ਼ਨ ਬਣਾਉਣ ਤੇ ਕਾਰਜਸ਼ੀਲ ਕਰਨ ਲਈ ਕਾਫੀ ਅਹਿਮ ਹੈ। ਪੀਐੱਸਐੱਲਵੀ ਸੀ-60 ਮਿਸ਼ਨ ਕਾਰਨ ਭਾਰਤ ਇਕ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਜਾਵੇਗਾ ਕਿਉਂਕਿ ਉਹ ਇਹ ਮਹੱਤਵਪੂਰਨ ਟੀਚੇ ਨੂੰ ਕੁਝ ਦਿਨਾਂ ਵਿੱਚ ਹਾਸਲ ਕਰ ਲਵੇਗਾ।