ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਲਗਾਤਾਰ ਤਿੰਨ ਦਿਨ ਤਕ ਠੀਕ ਢੰਗ ਨਾਲ ਨੀਂਦ ਨਾ ਲੈਣ ਨਾਲ ਤੁਹਾਡੀ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਨਾਲ ਸਿਹਤ ਖ਼ਰਾਬ ਹੋਣ ਲੱਗਦੀ ਹੈ।ਐਨਲਸ ਆਫ ਬਿਹੇਵੀਅਰਲ ਮੈਡੀਸਨ ’ਚ ਪ੍ਰਕਾਸ਼ਤ ਇਕ ਨਵੇਂ ਅਧਿਐਨ ’ਚ ਨੀਂਦ ਦੇ ਸਬੰਧ ’ਚ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਅਧਿਐਨ ਲਗਾਤਾਰ ਅੱਠ ਰਾਤਾਂ ਤਕ ਘਟੋ-ਘੱਟ ਛੇ ਘੰਟੇ ਤਕ ਸੌਣ ਵਾਲੇ ਲੋਕਾਂ ’ਤੇ ਕੀਤਾ ਗਿਆ। ਆਮ ਤੌਰ ’ਤੇ ਮਾਹਿਰ ਘਟੋ-ਘੱਟ ਛੇ ਘੰਟੇ ਸੌਣਾ ਜ਼ਰੂਰੀ ਮੰਨਦੇ ਹਨ। ਅਧਿਐਨ ਕਰ ਵਾਲਿਆਂ ਦੀ ਅਗਵਾਈ ਕਰ ਰਹੀ ਦੱਖਣੀ ਫਲੋਰੀਡਾ ਦੇ ਸਕੂਲ ਆਫ ਏਜਿੰਗ ਸਟੱਡੀਜ਼ ਦੀ ਅਸਿਸਟੈਂਟ ਪ੍ਰੋਫੈਸਰ ਸੂਮੀ ਲੀ ਨੇ ਦੱਸਿਆ ਕਿ ਇਕ ਰਾਤ ’ਚ ਹੀ ਠੀਕ ਨੀਂਦ ਨਾ ਲੈਣ ’ਤੇ ਖ਼ਰਾਬ ਲੱਛਣਾਂ ਦਾ ਦਿਸਣਾ ਸ਼ੁਰੂ ਹੋ ਗਿਆ। ਤਿੰਨ ਦਿਨਾਂ ਬਾਅਦ ਤਾਂ ਸਰੀਰਕ ਤੇ ਮਾਨਸਿਕ ਤੌਰ ’ਤੇ ਦਿੱਕਤਾਂ ਚਿੰਤਾਜਨਕ ਸਥਿਤੀ ’ਚ ਪਹੁੰਚਣ ਲੱਗੀਆਂ। ਉਸ ਸਮੇਂ ਖੋਜ ਦੌਰਾਨ ਲੱਗਾ ਕਿ ਮਨੁੱਖੀ ਸਰੀਰ ਨੂੰ ਘੱਟ ਨੀਂਦ ਲੈਣ ਦੀ ਆਦਤ ਪੈ ਗਈ ਹੈ ਪਰ ਅਸਲ ’ਚ ਅਜਿਹਾ ਨਹੀਂ ਸੀ ਕਿਉਂਕਿ ਛੇ ਦਿਨ ਬਾਅਦ ਸਰੀਰਕ ਤੌਰ ’ਤੇ ਦਿੱਕਤਾਂ ਗੰਭੀਰ ਹਾਲਤ ’ਚ ਪਹੁੰਚ ਗਈਆਂ।
ਅਧਿਐਨ ਕਰਨ ਵਾਲਿਆਂ ਨੇ ਦੱਸਿਆ ਕਿ ਆਮ ਤੌਰ ’ਤੇ ਲੋਕ ਸੋਚਦੇ ਹਨ ਕਿ ਹਫ਼ਤੇ ਦੇ ਅੰਤ ’ਚ ਇਕ ਦਿਨ ਭਰਪੂਰ ਨੀਂਦ ਲੈਣ ਨਾਲ ਹਫ਼ਤੇ ਦੇ ਹੋਰਨਾਂ ਦਿਨਾਂ ’ਚ ਤਰੋਤਾਜ਼ਾ ਹੋ ਕੇ ਕੰਮ ਕਰ ਸਕਦੇ ਹਨ, ਪਰ ਅਜਿਹਾ ਨਹੀਂ ਹੈ। ਇਕ ਰਾਤ ਵੀ ਘੱਟ ਨੀਂਦ ਲੈਣ ’ਤੇ ਰੋਜ਼ਾਨਾ ਦੇ ਕੰਮ ’ਤੇ ਉਸਦਾ ਅਸਰ ਪੈ ਸਕਦਾ ਹੈ।
ਇਹ ਅਧਿਐਨ ਦੋ ਹਜ਼ਾਰ ਲੋਕਾਂ ’ਤੇ ਕੀਤਾ ਗਿਆ। ਅਧਿਐਨ ’ਚ ਦੇਖਿਆ ਗਿਆ ਕਿ ਨੀਂਦ ਦੀ ਕਮੀ ਨਾਲ ਗੁੱਸਾ, ਘਬਰਾਹਟ, ਬੇਚੈਨੀ ਦੇ ਨਾਲ ਹੀ ਪਾਚਨ ਕਿਰਿਆ ਦਾ ਪ੍ਰਭਾਵਿਤ ਹੋਣਾ ਤੇ ਸਾਹ ਸਬੰਧੀ ਸਮੱਸਿਆਵਾਂ ਵੀ ਵਧਣ ਲੱਗੀਆਂ। (ਏਐÎੱਨਆਈ)