ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰ ਗੰਭੀਰ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਧਦਾ ਹਵਾ ਪ੍ਰਦੂਸ਼ਣ ਨਾ ਸਿਰਫ਼ ਅੱਜ ਸਾਡੇ ਲਈ ਮੁਸ਼ਕਲ ਬਣਾ ਰਿਹਾ ਹੈ, ਬਲਕਿ ਇਹ ਭਵਿੱਖ ਨੂੰ ਵੀ ਬਰਬਾਦ ਕਰ ਰਿਹਾ ਹੈ। ਪ੍ਰਦੂਸ਼ਣ ਦਾ ਅਸਰ ਬੱਚਿਆਂ ‘ਤੇ ਪੈਦਾ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਇਹ ਤੱਥ ਹਾਲ ਹੀ ‘ਚ ਸਾਇੰਟਿਫਿਕ ਜਨਰਲ ਈਲਾਈਫ ‘ਚ ਪ੍ਰਕਾਸ਼ਿਤ ਇਕ ਰਿਪੋਰਟ ‘ਚ ਸਾਹਮਣੇ ਆਏ ਹਨ।
ਰਿਪੋਰਟ ਮੁਤਾਬਕ ਜੰਗਲ ‘ਚ ਲੱਗਣ ਵਾਲੀ ਅੱਗ ‘ਚੋਂ ਨਿਕਲਣ ਵਾਲੇ ਧੂੰਏਂ ਨਾਲ ਆਸਪਾਸ ਰਹਿਣ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ‘ਤੇ ਅਸਰ ਪੈਂਦਾ ਹੈ ਤੇ ਉਨ੍ਹਾਂ ਦੇ ਪੈਦਾ ਹੋਣ ਵਾਲੇ ਬੱਚੇ ਆਮ ਨਾਲੋਂ ਕਿਤੇ ਘੱਟ ਵਜ਼ਨ ਦੇ ਹੁੰਦੇ ਹਨ। ਇਸ ਰਿਪੋਰਟ ‘ਚ ਖਾਸਤੌਰ ‘ਤੇ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ‘ਚ ਧੂੰਏਂ ਦਾ ਪੈਦਾ ਹੋਣ ਵਾਲੇ ਬੱਚੇ ਦੀ ਸਿਹਤ ‘ਤੇ ਅਸਰ ਬਾਰੇ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਜ਼ਿਆਦਾ ਧੂੰਏਂ ਦੇ ਨੇੜੇ ਰਹਿਣ ਵਾਲੀਆਂ ਲਗਪਗ ਨੱਬੇ ਫ਼ੀਸਦ ਬੱਚਿਆਂ ਦਾ ਭਾਰ ਜਨਮ ਦੌਰਾਨ ਆਮ ਨਾਲੋਂ ਘੱਟ ਰਿਹਾ।
ਖੋਜ ਵਿਚ ਸ਼ਾਮਲ ਮਾਹਿਰਾਂ ਅਨੁਸਾਰ, ਜੰਗਲ ਦੀ ਅੱਗ ‘ਚੋਂ ਨਿਕਲਣ ਵਾਲਾ ਧੂੰਆਂ, ਜਾਂ ਪਰਾਲੀ ਵਰਗੇ ਖੇਤੀ ਬਾਇਓਮਾਸ ਨੂੰ ਸਾੜਨਾ, ਇਕ ਮਹਿੰਗੀ ਤੇ ਵਧ ਰਹੀ ਵਿਸ਼ਵ-ਵਿਆਪੀ ਜਨਤਕ ਸਿਹਤ ਸਮੱਸਿਆ ਨੂੰ ਬੜ੍ਹਾਵਾ ਦੇ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਦੇ ਦੇ ਵਾਰ-ਵਾਰ ਹੋਣ ਵਾਲੇ ਐਪੀਸੋਡ ਜ਼ਿਆਦਾਤਰ ਨਵਜੰਮੇ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ।
ਖੋਜੀਆਂ ਨੇ 54 ਘੱਟ ਤੇ ਮੱਧਮ ਆਮਦਨ ਵਾਲੇ ਦੇਸ਼ਾਂ ‘ਚ ਕੇਸ ਅਧਿਐਨ ਕੀਤੇ ਜਿੱਥੇ ਉਨ੍ਹਾਂ ਨੇ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਦੇ 108,137 ਸਮੂਹਾਂ ‘ਤੇ ਅਧਿਐਨ ਕੀਤਾ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਇਕ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਪਾਰਟੀਕੁਲੇਟ ਮੈਟਰ ਦੇ ਸੰਪਰਕ ‘ਚ ਆਉਣ ਵਾਲੀਆਂ ਮਾਵਾਂ ਦੇ ਬੱਚਿਆਂ ਦੇ ਭਾਰ ‘ਚ 2.17 ਗ੍ਰਾਮ ਦੀ ਕਮੀ ਦੇਖੀ ਗਈ।ਇਹ ਪ੍ਰਭਾਵ ਹੋਰ ਵੀ ਸਪੱਸ਼ਟ ਹੋਇਆ ਜਦੋਂ ਖੋਜਕਰਤਾਵਾਂ ਨੇ ਦੇਖਿਆ ਕਿ ਅੱਗ ਦੇ ਧੂੰਏਂ ਦੇ ਸੰਪਰਕ ‘ਚ ਆਉਣ ਵਾਲੀਆਂ ਮਾਵਾਂ ਦੇ ਬੱਚਿਆਂ ਦੇ ਜਨਮ ਸਮੇਂ ਪੈਦਾ ਹੋਣ ਦੀ ਸੰਭਾਵਨਾ ਤਿੰਨ ਤੋਂ 12 ਪ੍ਰਤੀਸ਼ਤ ਘੱਟ ਸੀ।