CBDT notifies PAN-Aadhaar interchangeability: ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਰਕਾਰ ਵੱਲੋਂ ਇਸ ਨਿਯਮ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ. ਸਰਕਾਰ ਦੇ ਇਸ ਬਦਲੇ ਨਿਯਮ ਦੇ ਤਹਿਤ ਜਿੱਥੇ ਵੀ ਪੈਨ ਨੰਬਰ ਦੀ ਜਰੂਰਤ ਹੁੰਦੀ ਹੈ, ਉੱਥੇ ਹੁਣ ਆਧਾਰ ਨੰਬਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਤੋਂ ਪਹਿਲਾਂ ਸਰਕਾਰ ਵੱਲੋਂ ਇਸਦੀ ਘੋਸ਼ਣਾ ਕੀਤੀ ਗਈ ਸੀ, ਪਰ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ।
ਇਸ ਸਬੰਧੀ ਆਮਦਨ ਟੈਕਸ ਵਿਭਾਗ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ । ਇਸ ਮਾਮਲੇ ਵਿੱਚ ਕੇਂਦਰੀ ਬੋਰਡ ਆਫ਼ ਡਾਇਰੈਕਟ ਟੈਕਸਜ਼ ਯਾਨੀ ਕਿ CBDT ਵੱਲੋਂ 6 ਨਵੰਬਰ ਨੂੰ ਵਿੱਤ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਇਨਕਮ ਟੈਕਸ ਐਕਟ 1962 ਵਿੱਚ ਸੋਧ ਕਰ ਦਿੱਤੀ ਗਈ ਹੈ । ਕੇਂਦਰ ਸਰਕਾਰ ਵੱਲੋਂ ਆਮਦਨ ਟੈਕਸ ਫਾਰਮਾਂ ਦੇ ਕਈ ਸੈੱਟਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ । ਇਸਦੇ ਨਾਲ ਹੀ ਸਰਕਾਰ ਵੱਲੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਨਿਯਮਾਂ ਵਿੱਚ ਇਸ ਤਬਦੀਲੀ ਤੋਂ ਬਾਅਦ ਵੀ ਕੋਈ ਵੀ ਵਿਅਕਤੀ ਪ੍ਰਭਾਵਿਤ ਨਾ ਹੋਏ ।
ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦਾ ਅਰਥ ਹੈ ਕਿ ਜੇਕਰ ਹੁਣ ਕਿਸੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਉਹ ਉਸਦੀ ਬਜਾਏ ਆਪਣੇ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹਨ । ਜਿਸ ਕਾਰਨ ਹੁਣ ਆਮ ਟੈਕਸਦਾਤਾ ਪੈਨ ਕਾਰਡ ਤੋਂ ਬਿਨਾਂ ਵੀ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਦੇ ਹਨ ।
ਦੱਸ ਦੇਈਏ ਕਿ ਇਕ ਵਿੱਤੀ ਵਰ੍ਹੇ ਵਿੱਚ ਜੇਕਰ ਕਿਸੇ ਵਿਅਕਤੀ ਦੀ ਕਮਾਈ ਟੈਕਸ ਦੀ ਛੋਟ ਵਿੱਚ ਨਹੀਂ ਆਉਂਦੀ, ਤਾਂ ਆਮਦਨ ਟੈਕਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ । ਆਮਦਨ ਟੈਕਸ ਰਿਟਰਨ ਤੋਂ ਇਲਾਵਾ ਉੱਚ ਮੁੱਲ ਲੈਣ-ਦੇਣ ਸਮੇਂ ਵੀ ਪੈਨ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ । ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਇਨਕਮ ਟੈਕਸ ਐਕਟ 1962 ਦੇ ਅਧੀਨ ਆਉਣ ਵਾਲੇ ਫਾਰਮਾਂ ਵਿਚੋਂ ਫਾਰਮ ਨੰਬਰ 3AC, 3AD, 10CCB, 10CCBA, 10CCBB, 10CCBBA, 10CCBC ਆਦਿ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ ।