70.83 F
New York, US
April 24, 2025
PreetNama
ਖੇਡ-ਜਗਤ/Sports News

ਪੈਰਾਂ ਨਾਲ ਪਰਵਾਜ਼ ਭਰਨ ਵਾਲਾ ਖਿਡਾਰੀ ਸਾਦੀਓ ਮਾਨੇ

ਕੁਝ ਲੋਕ ਕਦਮਾਂ ’ਚ ਉਡਾਣ ਲੈ ਕੇ ਜੰਮਦੇ ਨੇ। ਉਡਦੀਆਂ ਧੂੜਾਂ ਤੇ ਮਿੱਟੀ ਉਨ੍ਹਾਂ ਦੇ ਨਿਸ਼ਾਨ ਸਦਾ ਲਈ ਸਾਂਭ ਲੈਂਦੀ ਹੈ। ਛੋਟੇ ਜਿਹੇ ਅਫਰੀਕੀ ਦੇਸ਼ ਸੇਨੇਗਲ ਦੇ ਜਗਤ ਪ੍ਰਸਿਧ ਫੁੱਟਬਾਲਰ ਸਾਦੀਓ ਮਾਨੇ ਦੀ ਕਹਾਣੀ ਕੁਝ ਇਸੇ ਤਰ੍ਹਾਂ ਦੀ ਹੈ। ਸੇਨੇਗਲ ਦੀ ਟੀਮ 2002 ਦੇ ਵਿਸ਼ਵ ਕੱਪ ਮੌਕੇ ਉਦੋਂ ਚਰਚਾ ’ਚ ਆਈ ਜਦੋਂ ਉਸ ਨੇ ਆਪਣੇ ਪਹਿਲੇ ਹੀ ਮੈਚ ’ਚ ਫਰਾਂਸ ਦੀ ਸ਼ਕਤੀਸ਼ਾਲੀ ਫੁੱਟਬਾਲ ਟੀਮ ਨੂੰ ਹਰਾ ਦਿੱਤਾ। ਦੁਨੀਆ ਦੇ ਬਹੁਤੇ ਫੁੱਟਬਾਲ ਪ੍ਰੇਮੀਆਂ ਨੇ ਇਸ ਨੂੰ ਵਕਤੀ ਜਿਹਾ ਉਲਟ-ਫੇਰ ਸਮਝਿਆ ਪਰ ਸੇਨੇਗਲ ਦੀ ਟੀਮ ਨੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਕੇ ਦੱਸ ਦਿੱਤਾ ਕਿ ਉਹ ਪੂਰੀ ਤਿਆਰੀ ਨਾਲ ਮੈਦਾਨ ’ਚ ਆਏ ਹਨ ਤੇ ਫਰਾਂਸ ਦੀ ਹਾਰ ਅਚਨਚੇਤ ਹੋਇਆ ਉਲਟ-ਫੇਰ ਨਹੀਂ ਸੀ ਸਗੋਂ ਜੂਝ ਕੇ ਦਰਜ ਕੀਤੀ ਹੋਈ ਜਿੱਤ ਸੀ। ਇਸ ਟੂਰਨਾਮੈਂਟ ’ਚ ਬਿਹਤਰੀਨ ਕਾਰਗੁਜ਼ਾਰੀ ਨੇ ਸਾਦੀਓ ਮਾਨੇ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਈ।
ਖੇਡ ’ਤੇ ਖ਼ਰਚੀ ਸਾਰੀ ਵੱਟਤ
ਸਾਦੀਓ ਦਾ ਜਨਮ ਦੱਖਣੀ ਸੇਨੇਗਲ ਦੇ ਛੋਟੇ ਜਿਹੇ ਪਿੰਡ ਬੰਬਾਲੀ ਵਿਖੇ 10 ਅਪ੍ਰੈਲ 1992 ਨੂੰ ਹੋਇਆ। ਉਸ ਦਾ ਪਰਿਵਾਰ ਗ਼ਰੀਬੀ ’ਚ ਜੀਵਨ ਬਸਰ ਕਰ ਰਿਹਾ ਸੀ। ਪਿਤਾ ਦੀ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਪੂਰਾ ਨਾ ਪੈਂਦਾ, ਇਸ ਲਈ ਉਹ ਆਪਣੇ ਰਿਸ਼ਤੇਦਾਰ ਕੋਲ ਰਹਿਣ ਲੱਗਾ। ਗ਼ਰੀਬ ਮਾਪਿਆਂ ਨੇ ਮੁੱਢਲੇ ਦੌਰ ’ਚ ਉਸ ਦੀ ਪ੍ਰਤਿਭਾ ਨੂੰ ਪਛਾਨਣ ’ਚ ਟਪਲਾ ਖਾਧਾ ਪਰ ਬਾਅਦ ’ਚ ਜਦ ਉਸ ਦੀ ਖੇਡ ਦਾ ਜਾਦੂ ਲੋਕਾਂ ਦੇ ਸਿਰ ਚੜ੍ਹਨ ਲੱਗਾ ਤਾਂ ਪਰਿਵਾਰਕ ਮੈਂਬਰ ਵੀ ਉਸ ਦੀ ਪ੍ਰਤਿਭਾ ਦਾ ਲੋਹਾ ਮੰਨਣ ਲਗੇ। ਫਿਰ ਜਦ ਸਾਦੀਓ ਨੇ ਦੇਸ਼ ਦੀ ਰਾਜਧਾਨੀ ਡਾਕਾਰ ਜਾਣ ਦਾ ਫੈਸਲਾ ਲਿਆ ਤਾਂ ਉਸ ਦੇ ਗ਼ਰੀਬ ਕਿਸਾਨ ਪਰਿਵਾਰ ਨੇ ਆਪਣੀ ਸਾਰੀ ਫ਼ਸਲ ਦੀ ਵੱਟਤ ਤੇ ਬੱਚਤ ਉਸ ਦੇ ਸੁਪਨੇ ਸਾਕਾਰ ਕਰਨ ਲਈ ਲਗਾ ਦਿੱਤੀ।
ਹੀਰੇ ਦੀ ਹੋਈ ਪਛਾਣ
ਰਾਜਧਾਨੀ ਡਾਕਾਰ ’ਚ ਕਈ ਚੰਗੀਆਂ ਫੁੱਟਬਾਲ ਕਲੱਬਾਂ ਸਨ। ਸਾਦੀਓ ਨੇ ਇਨ੍ਹਾਂ ਕਲੱਬਾਂ ਦੇ ਕੋਚਾਂ ਤਕ ਪਹੁੰਚ ਕੀਤੀ। ਉਹ ਰਾਜਧਾਨੀ ਦੇ ਸਭ ਤੋਂ ਨਾਮਵਰ ਕਲੱਬ ’ਚ ਪੁੱਜਾ। ਉੱਥੇ ਇਕ ਪੱਕੜ ਉਮਰ ਦਾ ਕੋਚ ਖਿਡਾਰੀਆਂ ਦਾ ਚੋਣਕਾਰ ਸੀ। ਉਸ ਨੇ ਸਾਦੀਓ ਵੱਲ ਬੜੀ ਹੈਰਾਨੀ ਨਾਲ ਵੇਖਿਆ, ਕੱਪੜੇ-ਲੀੜੇ ਦੀ ਮੰਦੀ ਹਾਲਤ ਵੇਖ ਕੇ ਕੋਚ ਨੇ ਪੁੱਛਿਆ “ਤੂੰ ਕਲੱਬ ’ਚ ਭਰਤੀ ਹੋਣ ਆਇਆ ਹੈਂ?’’ ਮਾਨੇ ਦੇ ਹਾਂ ’ਚ ਸਿਰ ਹਿਲਾਉਣ ’ਤੇ ਕੋਚ ਬੋਲਿਆ, ‘‘ਆਪਣੇ ਬੂਟ ਤੇ ਜੁਰਾਬਾਂ ਵੇਖ! ਇਨ੍ਹਾਂ ਨਾਲ ਤੂੰ ਕੀ ਖੇਡੇਂਗਾ?’ ਜਵਾਬ ’ਚ ਸਾਦੀਓ ਨੇ ਸਿਰਫ਼ ਇੰਨਾ ਹੀ ਆਖਿਆ, ‘‘ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਮੇਰੇ ਕੋਲ ਜੋ ਕੁਝ ਸੀ, ਮੈਂ ਉਸੇ ਨਾਲ ਇਥੇ ਖੇਡਣ ਆ ਗਿਆ ਹਾਂ।’’ ਜਦੋਂ ਟਰਾਇਲ ਖੇਡ ਖ਼ਤਮ ਹੋਈ ਤਾਂ ਕੋਚ ਦੀਆਂ ਅੱਖਾਂ ’ਚ ਹੈਰਾਨੀ ਭਰੀ ਪ੍ਰਸ਼ੰਸਾ ਸੀ। ਉਸ ਨੇ ਆਖਿਆ, ‘‘ਤੇਰੇ ਲਈ ਕਲੱਬ ਦੇ ਦਰਵਾਜ਼ੇ ਖੁੱਲ੍ਹੇ ਹਨ।’’
ਖੇਡ ਰਿਕਾਰਡ
ਮੇਟਜ਼ ਕਲੱਬ ਲਈ ਖੇਡਦਿਆਂ ਮਾਨੇ ਦੀ ਖੇਡ ’ਚ ਹੋਰ ਨਿਖਾਰ ਆਇਆ ਪਰ 2012 ਦੀ ਲੰਡਨ ਓਲੰਪਿਕ ’ਚ ਉਸ ਦੀ ਪ੍ਰਤਿਭਾ ਅਸਲ ਜਲਵੇ ਵਿਚ ਸਾਹਮਣੇ ਆਈ। ਇਸ ਪ੍ਰਦਰਸ਼ਨ ਦੇ ਅਧਾਰ ’ਤੇ ਉਸ ਨੂੰ ‘ਰੈੱਡ ਬੁਲਜ਼ ਸੇਲਜ਼ਬਰਗ’ ਨੇ ਆਪਣੀ ਕਲੱਬ ’ਚ ਥਾਂ ਦਿੱਤੀ। ਇਸ ਕਲੱਬ ਲਈ ਖੇਡਦਿਆਂ ਉਸ ਨੇ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਤੇ ਲਿਵਰਪੂਲ ਐੱਫਸੀ ਲਈ ਉਸ ਦੀ ਚੋਣ ਹੋਈ। ਪ੍ਰੀਮੀਅਰ ਲੀਗ ਤਕ ਪਹੁੰਚਦਿਆਂ ਉਹ ਬੇਹੱਦ ਪਰਪੱਕ ਖਿਡਾਰੀ ਬਣ ਗਿਆ। ਪ੍ਰੀਮੀਅਰ ਲੀਗ ’ਚ ਸਭ ਤੋਂ ਤੇਜ਼ ਹੈਟਿ੍ਰਕ ਬਣਾਉਣ ਦਾ ਰਿਕਾਰਡ ਸਾਦੀਓ ਦੇ ਨਾਂ ਹੈ। ਉਸ ਨੇ ਇਹ ਤਿੰਨ ਗੋਲ ਅਸਤੋਨ ਵਿੱਲਾ ਖ਼ਿਲਾਫ਼ 176 ਸਕਿੰਟਾਂ ’ਚ ਕੀਤੇ। ਇਕ ਲੀਗ ਮੈਚ ’ਚ ਵੈਟਫੋਰਡ ਖ਼ਿਲਾਫ਼ ਗੋਲ ਵੱਲ ਪਿੱਠ ਕਰ ਕੇ ਆਪਣੀ ਪੈਰ ਦੀ ਅੱਡੀ ਨਾਲ ਪਿਛਲਖੁਰੀ ਕਿੱਕ ਮਾਰ ਕੇ ਗੋਲ ਕਰਨ ਦਾ ਕਿ੍ਰਸ਼ਮਾ ਕਰਨ ਵਾਲਾ ਵੀ ਉਹ ਇਕੱਲਾ ਖਿਡਾਰੀ ਹੈ। ਜਦੋਂ ਉਸ ਨੇ ਇਹ ਗੋਲ ਕੀਤਾ ਤਾਂ ਟੀਵੀ ਚੈਨਲ ਦਾ ਕੁਮੈਂਟਰੀਕਾਰ ਇਕਦਮ ਬੋਲਿਆ, ‘‘ਇਨਸੀਡੈਂਸ ਪਰਸੋਨੀਫਾਈਡ’ ਭਾਵ ਇਹ ਗੋਲ ਲਾਮਿਸਾਲ ਹੈ। ਹਾਕੀ ਖੇਡ ’ਚ ਅਜਿਹਾ ਕਿ੍ਰਸ਼ਮਾ ਭਾਰਤ ਦੇ ਫਰਾਵਰਡ ਖਿਡਾਰੀ ਅਕਾਸ਼ਦੀਪ ਸਿੰਘ ਦੇ ਨਾਂ ਹੈ। ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਭਾਰਤ ਤੇ ਦੱਖਣੀ ਕੋਰੀਆ ਦੀਆਂ ਟੀਮਾਂ 0-0 ਦੀ ਬਰਾਬਰੀ ’ਤੇ ਸਨ। ਇਸ ਦੌਰਾਨ ਅਕਾਸ਼ਦੀਪ ਨੇ ‘ਡੀ’ ਵਿਚ ਬਾਲ ਰਸੀਵ ਕੀਤੀ। ਉਹ ਗੋਲ ਵੱਲ ਪਿੱਠ ਕਰੀ ਖੜ੍ਹਾ ਸੀ। ਉਸ ਨੇ ਆਪਣੀਆਂ ਦੋਵਾਂ ਲੱਤਾਂ ਦੇ ਵਿਚਕਾਰ ਦੀ ਇਕ ਕਿ੍ਰਸਪ ਜਿਹੀ ਹਿੱਟ ਮਾਰੀ ਤੇ ਬਾਲ ਗੋਲ ਨੈੱਟ ’ਚ ਚਲੀ ਗਈ।
ਆਪਣੀ ਮਿੱਟੀ ਨਾਲ ਮੋਹ
ਅੱਜ ਕੱਲ੍ਹ ਸਾਦੀਓ ਲਿਵਰਪੂਲ ਐੱਫਸੀ ਲਈ ਖੇਡਦਾ ਹੈ। ਉਸ ਨੇ ਕਈ ਲਾਜਵਾਬ ਗੋਲ ਕੀਤੇ ਹਨ। ਬਹੁਤ ਸਾਰੇ ਗੋਲਾਂ ਨਾਲੋਂ ਵੀ ਵੱਧ ਉਪਯੋਗੀ ਸਹਾਇਕ ਦੀ ਭੂਮਿਕਾ ਨਿਭਾਈ। ਉਸ ਦੇ ਲਾਜਵਾਬ ਗੋਲ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ’ਤੇ ਛਪ ਗਏ ਹਨ। ਫੁੱਟਬਾਲ ਜਗਤ ਦੀ ਟੀਸੀ ’ਤੇ ਪਹੁੰਚ ਕੇ ਵੀ ਸਾਦੀਓ ਆਪਣੇ ਪਿੰਡ ਨਾਲ ਗਹਿਰਾ ਬੱਝਾ ਹੈ। ਇਲਾਕੇ ਦੀਆਂ ਸਿਹਤ ਤੇ ਖੇਡ ਸਹੂਲਤਾਂ ਦੇ ਵਿਕਾਸ ’ਚ ਉਹ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਸਟਾਰ ਖਿਡਾਰੀ ਬਣਨ ਤੋਂ ਬਾਅਦ ਵੀ ਉਸ ਦੇ ਪੈਰ ਆਪਣੀ ਜ਼ਮੀਨ ਤੋਂ ਨਹੀਂ ਉੱਖੜੇ। ਉਹ ਆਖਦਾ ਹੈ, ‘‘ਬਚਪਨ ’ਚ ਮੈਂ ਬਹੁਤ ਹੁਨਰਮੰਦ ਖਿਡਾਰੀਆਂ ਨਾਲ ਖੇਡਦਾ ਵੱਡਾ ਹੋਇਆ ਹਾਂ। ਇੰਨੀ ਪ੍ਰਤਿਭਾ ਦੇ ਬਾਵਜੂਦ ਉਨ੍ਹਾਂ ਨੂੰ ਪ੍ਰੋਫੈਸ਼ਨਲ ਫੁੱਟਬਾਲ ਖੇਡਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਮੌਕਾ ਮਿਲਿਆ ਹੈ। ਮੁਸ਼ਕਲਾਂ ਸਫਲਤਾ ਲਈ ਜ਼ਰੂਰੀ ਹਨ। ਮੈਨੂੰ ਪਿੰਡ ਨੇ ਬਹੁਤ ਕੁਝ ਦਿੱਤਾ ਹੈ, ਹੁਣ ਪਿੰਡ ਲਈ ਕੁਝ ਕਰਨ ਦੀ ਵਾਰੀ ਮੇਰੀ ਹੈ।’’ ਉਸ ਦੀ ਕਹਾਣੀ ਦੱਸਦੀ ਹੈ ਕਿ ਆਪਣੇ ਅਸਲੇ ਨਾਲ ਜੁੜੀਆਂ ਰੂਹਾਂ ਹੀ ਅਣਗਾਹੇ ਆਸਮਾਨ ਗਾਹ ਸਕਦੀਆਂ ਹਨ।
ਕਿਸਮਤ ਤੇ ਪ੍ਰਤਿਭਾ ਦਾ ਮਾਲਕ
ਆਪਣੇ ਪਹਿਲੇ ਹੀ ਸੀਜ਼ਨ ਵਿਚ ਸਾਦੀਓ ਮਾਨੇ ਨੇ ਖੇਡੇ ਗਏ 130 ਮੈਚਾਂ ਵਿਚ 90 ਗੋਲ ਕੀਤੇ। ਰਾਜਧਾਨੀ ਡਾਕਾਰ ਦੀਆਂ ਸਮੁੱਚੀਆਂ ਕਲੱਬਾਂ ’ਚ ਮਾਨੇ ਦੀ ਤੂਤੀ ਬੋਲਣ ਲੱਗੀ। ਆਪਣੇ ਇਸ ਦੌਰ ਵਿਚ ਹੀ ਉਹ ਸੇਨੇਗਲ ਦੇ ਚੋਟੀ ਦੇ ਖਿਡਾਰੀਆਂ ਨਾਲ ਭਿੜਦਾ ਨਜ਼ਰ ਆਇਆ। ਆਪਣੇ ਬਚਪਨ ਦੇ ਦਿਨਾਂ ਤੋਂ ਹੀ ਮਾਨੇ ਵਿਲੱਖਣ ਪ੍ਰਤਿਭਾ ਦਾ ਮਾਲਕ ਹੈ। ਉਸ ਨੇ ਖੇਡਣ ਦੀ ਸ਼ੁਰੂਆਤ ਆਪਣੇ ਪਿੰਡ ਬੰਬਾਲੀ ਦੀਆਂ ਧੂੜ ਨਾਲ ਅੱਟੀਆਂ ਗਲੀਆਂ ਵਿਚ ਖੇਡ ਕੇ ਕੀਤੀ ਅਤੇ ਫਿਰ ਪਿੰਡ ਵਿਚ ਫੁੱਟਬਾਲ ਟੂਰਨਾਮੈਂਟ ਵੀ ਕਰਵਾਉਂਦਾ ਰਿਹਾ। ਉਸ ਦੀ ਟੀਮ ਨੂੰ ਜਿੱਤਾਂ ਨਸੀਬ ਹੋਈਆਂ। ਉਹ ਕਿਸਮਤ ਅਤੇ ਪ੍ਰਤਿਭਾ, ਦੋਹਾਂ ਦਾ ਧਨੀ ਹੋ ਨਿਕਲਿਆ ਤੇ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਅੱਗੇ ਹੀ ਅੱਗੇ ਵਧਦਾ ਗਿਆ।
ਫਰਾਂਸ ਦੀ ਟੀਮ ’ਚ ਸਾਦੀਓ ਮਾਨੇ ਦੀ ਚੋਣ
ਇਕ ਵਾਰ ਫਰੈਂਚ ਸਕਾਊਟ ਨਾਂ ਦੀ ਸੰਸਥਾ ਪ੍ਰਤਿਭਾਵਾਨ ਸੇਨੇਗਲੀ ਖਿਡਾਰੀਆਂ ਦੀ ਭਾਲ ’ਚ ਰਾਜਧਾਨੀ ਡਾਕਾਰ ਵਿਖੇ ਆਈ। ਸੰਸਥਾ ਨੇ ਲੋੜਵੰਦ ਤੇ ਗ਼ਰੀਬ ਖਿਡਾਰੀਆਂ ਦੀ ਭਾਲ ’ਚ ਸ਼ਹਿਰ ਦੀ ਹਰ ਨੁੱਕਰ ਛਾਣੀ। ਸਾਦੀਓ ਮਾਨੇ ਨੂੰ ਉਨ੍ਹਾਂ ਆਪਣੀ ‘ਜਨਰੇਸ਼ਨ ਫੱੁਟ’ ਨਾਂ ਦੀ ਅਕੈਡਮੀ ’ਚ ਲਏ ਟਰਾਇਲਾਂ ਦੌਰਾਨ ਪਹਿਲੀ ਵਾਰੀ ਵਿਚ ਹੀ ਸਿਲੈਕਟ ਕਰ ਲਿਆ। ਉਸ ਦੇ ਪ੍ਰਦਰਸ਼ਨ ਤੋਂ ਬਾਅਦ ਫਰੈਂਚ ਸਕਾਊਟ ਸੰਸਥਾ ਵਾਲਿਆਂ ਨੇ ਉਸ ਨੂੰ ਫਰਾਂਸ ਬੁਲਾ ਲਿਆ ਤੇ ‘ਮੇਟਜ਼ ਫੁੱਟਬਾਲ ਕਲੱਬ ’ਚ ਭਰਤੀ ਕਰਵਾ ਦਿੱਤਾ। ਇਸ ਤਰ੍ਹਾਂ ਉਹ 15 ਸਾਲ ਦੀ ਉਮਰ ਵਿਚ ਪੇਸ਼ੇਵਰ ਫੁੱਟਬਾਲ ਖੇਡਣ ਲੱਗਾ ਅਤੇ ਇਸ ਨਾਲ ਉਸ ਦੇ ਘਰ ਦੀ ਹਾਲਤ ਵੀ ਬਦਲਣ ਲੱਗੀ। 19 ਸਾਲ ਦੀ ਉਮਰ ਵਿਚ ਜਦੋਂ ਸਾਦੀਓ ਮਾਨੇ ਮੇਟਜ਼ ਕਲੱਬ ਜੁਆਇਨ ਕਰਨ ਲਈ ਫਰਾਂਸ ਗਿਆ ਤਾਂ ਉਸ ਦੇ ਇਕ ਰਿਸ਼ਤੇਦਾਰ ਤੋਂ ਇਲਾਵਾ ਹੋਰ ਕਿਸੇ ਨੂੰ ਇਲਮ ਨਹੀਂ ਸੀ ਕਿ ਉਸ ਨੇ ਫਰਾਂਸ ਦੀ ਕੋਈ ਫੁੱਟਬਾਲ ਕਲੱਬ ਜੁਆਇਨ ਕਰ ਲਈ ਹੈ। ਅਚਾਨਕ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ, ‘‘ਅੰਮਾ! ਮੈਂ ਫਰਾਂਸ ਦੀ ਫੁੱਟਬਾਲ ਟੀਮ ਲਈ ਚੁਣਿਆ ਗਿਆ ਹਾਂ।’’ ਉਸ ਦੀ ਮਾਂ ਨੂੰ ਕੋਈ ਗੱਲ ਸਮਝ ਨਾ ਲੱਗੀ ਅਤੇ ਨਾ ਹੀ ਵਿਸ਼ਵਾਸ ਆਇਆ। ਜਦੋਂ ਉਸ ਦੀ ਖੇਡ ਟੈਲੀਵਿਜ਼ਨ ’ਤੇ ਦਿਖਾਈ ਦੇਣ ਲੱਗੀ ਤਦ ਜਾ ਕੇ ਪਰਿਵਾਰ ਨੇ ਸੱਚ ਸਵੀਕਾਰ ਕੀਤਾ। ਮਾਨੇ ਦਾ ਬਚਪਨ ਦਾ ਸੁਪਨਾ ਪੂਰਾ ਹੋਣ ਲੱਗਾ ਸੀ। ਉਸ ਦੀ ਮਾਂ ਉਸ ਦੇ ਮੈਚ ਟੈਲੀਵਿਜ਼ਨ ’ਤੇ ਵੀ ਨਾ ਵੇਖ ਸਕਦੀ। ਉਸ ਨੂੰ ਲਗਦਾ ਕਿ ਉਹਦੇ ਕੋਈ ਸੱਟ ਮਾਰ ਦੇਵੇਗਾ। ਇਹ ਡਰ ਸੱਚ ਸਾਬਤ ਹੋਇਆ ਤੇ ਮਾਨੇ ਸੱਟ ਖਾ ਬੈਠਾ। ਕੂਲੇ੍ਹ ਦੀ ਸੱਟ ਨੇ ਉਸ ਦੇ ਖੇਡ ਵਿਕਾਸ ਦੀ ਗਤੀ ਨੂੰ ਮੱਠਾ ਕਰ ਦਿੱਤਾ ਪਰ ਉਹ ਛੇਤੀ ਹੀ ਸੱਟ ਤੋਂ ਉੱਭਰ ਆਇਆ।

Related posts

PV Sindhu Birthday Special : ਕਮਾਈ ਦੇ ਮਾਮਲੇ ‘ਚ ਸਿਰਫ ਕੋਹਲੀ ਤੋਂ ਪਿੱਛੇ ਹੈ ਸਿੰਧੂ, ਜਾਣੋ ਕਿੰਨੀ ਹੈ ਕੁੱਲ ਜਾਇਦਾਦ

On Punjab

ਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹ

On Punjab

ਭਾਰਤੀ ਮਹਿਲਾ ਕ੍ਰਿਕਟ ਟੀਮ ਸਤੰਬਰ ‘ਚ ਕਰ ਸਕਦੀ ਹੈ ਇੰਗਲੈਂਡ ਦਾ ਦੌਰਾ, ਈਸੀਬੀ ਨੂੰ ਪੂਰੀ ਉਮੀਦ

On Punjab