ਜਲੰਧਰ: ਬਿਹਾਰ ਦੇ ਇੱਕ 22 ਸਾਲਾ ਨੌਜਵਾਨ ਵੱਲੋਂ 14 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੱਲ ਉਦੋਂ ਜੱਗਜ਼ਾਹਰ ਹੋਈ 14 ਸਾਲਾ ਬੱਚੀ ਇਕ ਮਹੀਨੇ ਦੀ ਗਰਭਵਤੀ ਪਾਈ ਗਈ।
ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲੀਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲੀਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਭਾਰਗਵ ਕੈਂਪ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਪ੍ਰਿੰਸ ਵਜੋਂ ਹੋਈ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਉਮਰ 14 ਸਾਲ ਹੈ ਅਤੇ ਜਲੰਧਰ ਵਿੱਚ ਪੜ੍ਹਦੀ ਸੀ। ਇਸ ਦੌਰਾਨ 22 ਸਾਲਾ ਪ੍ਰਿੰਸ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ 9 ਜਨਵਰੀ 2025 ਨੂੰ ਪੀੜਤ ਲੜਕੀ ਦੇ ਪੇਟ ’ਚ ਅਚਾਨਕ ਤੇਜ਼ ਦਰਦ ਹੋਣ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ।
ਪਰਿਵਾਰ ਵਾਲੇ ਲੜਕੀ ਨੂੰ ਹਸਪਤਾਲ ਲੈ ਗਏ ਅਤੇ ਉਸਦਾ ਇਲਾਜ ਸ਼ੁਰੂ ਕਰਵਾਇਆ। ਉਥੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਇੱਕ ਮਹੀਨੇ ਦੀ ਗਰਭਵਤੀ ਹੈ। ਲੜਕੀ ਨੇ ਪਰਿਵਾਰ ਨੂੰ ਦੱਸਿਆ ਕਿ ਪ੍ਰਿੰਸ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਹਨ।
ਥਾਣਾ ਡਿਵੀਜ਼ਨ ਨੰਬਰ-5 ਦੇ ਐਸਐਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਜਲੰਧਰ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਲੜਕੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਕਰਵਾਇਆ ਗਿਆ ਹੈ।