ਪਟਿਆਲਾ-ਪੰਜਾਬ ਭਰ ਵਿੱਚ ਅੱਜ ਮੀਂਹ ਨਾਲ ਠੰਢ ਵਧ ਗਈ ਹੈ ਅਤੇ ਅਗਲੇ ਦਿਨਾਂ ’ਚ ਕੋਰਾ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਖੇਤਰ ਵਿੱਚ ਅੱਜ ਸਵੇਰੇ ਨੌਂ ਕੁ ਵਜੇ ਬੂੰਦਾਂ ਬਾਂਦੀ ਸ਼ੁਰੂ ਹੋਈ ਅਤੇ ਦਿਨ ਭਰ ਕਿਣ-ਮਿਣ ਜਾਰੀ ਰਹੀ। ਪਹਿਲਾਂ ਭਰਵਾਂ ਮੀਂਹ ਪਿਆ ਤੇ ਬਾਅਦ ’ਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਦੌਰਾਨ ਇਕਦਮ ਠੰਢ ਵਧ ਗਈ। ਇਸੇ ਦੌਰਾਨ ਸੋਮਵਾਰ ਨੂੰ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਰਿਹਾ, ਜੋ ਕੱਲ੍ਹ ਨਾਲੋਂ ਤਕਰੀਬਨ 2 ਡਿਗਰੀ ਸੈਲਸੀਅਸ ਵਧ ਗਿਆ ਹੈ ਕਿਉਂਕਿ ਐਤਵਾਰ ਇਥੇ ਤਾਪਮਾਨ ਦਾ ਇਹ ਅੰਕੜਾ 6.86 ਡਿਗਰੀ ਸੈਲਸੀਅਸ ਸੀ। 24 ਤੇ 25 ਦਸੰਬਰ ਨੂੰ ਦਰਮਿਆਨਾ ਕੋਰਾ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਜਦਕਿ 26 ਦਸੰਬਰ ਨੂੰ ਅਸਮਾਨ ਸਾਫ ਰਹਿਣ ਦੇ ਆਸਾਰ ਹਨ। ਜਦਕਿ 27 ਦਸੰਬਰ ਨੂੰ ਅਸਮਾਨ ’ਚ ਬੱਦਲਵਾਈ ਰਹੇਗੀ ਤੇ ਮੀਂਹ ਦੇੇ ਆਸਾਰ ਵੀ ਰਹਿਣਗੇ। ਇਸੇ ਤਰਾਂ 28 ਦਸੰਬਰ ਨੂੰ ਅੰਸ਼ਕ ਰੂਪ ’ਚ ਬੱਦਲ ਛਾਏ ਰਹਿਣਗੇ। ਮੀਂਹ ਕਾਰਨ ਅੱਜ ਸ਼ਹਿਰ ਦੇ ਕਈ ਇਲਾਕਿਆਂ ’ਚ ਟਰੈਫਿਕ ਦੀ ਸਮੱਸਿਆ ਵੀ ਆਈ ਤੇੇ ਕਿਤੇ-ਕਿਤੇ ਜਾਮ ਲੱਗੇ। ਇਸ ਦੌਰਾਨ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਬਚਾਉਣ ਲਈ ਜ਼ਿਲ੍ਹਾ ਟਰੈਫਿਕ ਇੰਚਾਰਜ ਪ੍ਰੀਤਪਾਲ ਸਿੰਘ ਦੀ ਨਿਗਰਾਨੀ ਹੇਠ ਟਰੈਫਿਕ ਪੁਲੀਸ ਦੇ ਮੁਲਾਜ਼ਮ ਵਰਦੇ ਮੀਂਹ ’ਚ ਵੀ ਟਰੈਫਿਕ ਕੰਟਰੋਲ ਕਰਦੇ ਨਜ਼ਰ ਆਏ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕਰਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਸੰਗਤ ਇਥੇ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੀ ਨਤਮਸਤਕ ਹੁੰਦੀ ਜਾਂਦੀ ਹੈ, ਜਿਸ ਕਰਕੇ ਇਸ ਖੇਤਰ ’ਚ ਇਨ੍ਹੀਂ ਦਿਨੀਂ ਵਧੇਰੇ ਟਰੈਫਿਕ ਹੈ ਅਤੇ ਉਪਰੋਂ ਅੱਜ ਮੀਂਹ ਵੀ ਪੈਂਦਾ ਰਿਹਾ। ਇਸ ਖੇਤਰ ’ਚ ਤਾਇਨਾਤ ਰਹੇ ਟਰੈਫਿਕ ਪੁੀਲਸ ਦੇ ਏਐਸਆਈ ਮੇਵਾ ਸਿੰਘ ਸਿਓਣਾ ਵਰਦੇ ਮੀਂਹ ’ਚ ਵੀ ਛਤਰੀ ਲੈ ਕੇ ਟਰੈਫਿਕ ਕੰਟਰੋਲ ਕਰਦੇ ਰਹੇ, ਜਿਨ੍ਹਾਂ ਦੀ ਲੋਕਾਂ ਨੇ ਵੀ ਭਰਵੀਂ ਸ਼ਲਾਘਾ ਕੀਤੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਅੱਜ ਤੜਕੇ ਮੌਸਮ ’ਚ ਆਈ ਤਬਦੀਲੀ ਕਾਰਨ ਠੰਢ ਵਧ ਗਈ ਹੈ। ਅੰਮ੍ਰਿਤ ਵੇਲੇ ਤੋਂ ਰੁਕ-ਰੁਕ ਕੇ ਪਏ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਇੱਕਦਮ ਬਦਲ ਗਿਆ ਹੈ। ਭਾਵੇਂ ਪੋਹ ਮਹੀਨੇ ਦਾ ਪਹਿਲਾ ਹਫ਼ਤਾ ਵੀ ਬੀਤ ਗਿਆ ਸੀ ਪਰ ਕੜਾਕੇ ਦੀ ਠੰਢ ਨੇ ਦਸਤਕ ਨਹੀਂ ਦਿੱਤੀ ਸੀ। ਅੱਜ ਮੌਸਮ ਨੇ ਅਚਾਨਕ ਕਰਵਟ ਲਈ। ਹਲਕੀ ਬਾਰਸ਼ ਪੈਣ ਅਤੇ ਠੰਢੀਆਂ ਹਵਾਵਾਂ ਕਾਰਨ ਪੋਹ ਮਹੀਨੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਆਸਮਾਨ ’ਚ ਸਾਰਾ ਦਿਨ ਬੱਦਲਵਾਈ ਰਹੀ ਅਤੇ ਹਵਾਵਾਂ ਵਗਦੀਆਂ ਰਹੀਆਂ। ਬੱਦਲਵਾਈ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਬਾਰਸ਼ ਅਤੇ ਠੰਢ ਕਾਰਨ ਲੋਕ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋਏ। ਸੜਕ ਉਪਰ ਹੀ ਦੋ ਪਹੀਆ ਚਾਲਕ ਮੂੰਹ-ਸਿਰ ਢੱਕ ਅਤੇ ਗਰਮ ਕੱਪੜੇ ਦੀ ਬੁੱਕਲ ਮਾਰ ਕੇ ਲੰਘ ਰਹੇ ਸੀ। ਕਈ ਥਾਈਂ ਲੋਕ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਸਨ। ਅੱਜ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ ਹੈ।
ਮੀਂਹ ਨਾਲ ਗੁਲਾਬੀ ਸੁੰਡੀ ਤੋਂ ਮਿਲੇਗੀ ਰਾਹਤ-ਘੱਗਾ (ਰਵੇਲ ਸਿੰਘ ਭਿੰਡਰ): ਠੰਢ ਦੇ ਮੌਸਮ ਦੇ ਪਹਿਲੇ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਇਸ ਮੀਂਹ ਨਾਲ ਜਿੱਥੇ ਕਣਕ ਗੁਲਾਬੀ ਸੁੰਡੀ ਦੇ ਹਮਲੇ ਤੋਂ ਮੁਕਤ ਹੋ ਜਾਵੇਗੀ, ਉਥੇ ਹੀ ਬੂਟਿਆਂ ਦਾ ਫੁਟਾਰਾ ਵੀ ਹੋਰ ਤੇਜ਼ਾ ਨਾਲ ਹੋਵਗਾ| ਗੁਲਾਬੀ ਸੁੰਡੀ ਅਸਲ ’ਚ ਝੋਨੇ ਦਾ ਕੀੜਾ ਹੁੰਦਾ ਹੈ, ਜਿਹੜਾ ਕਣਕ ਦਾ ਵੀ ਕਾਫੀ ਨੁਕਸਾਨ ਕਰ ਦਿੰਦਾ ਹੈ | ਹਾੜੀ ਦੀ ਪ੍ਰਮੁੱਖ ਫਸਲ ਕਣਕ ਦੀ ਕਾਸ਼ਤ ਪਟਿਆਲਾ ਜ਼ਿਲ੍ਹੇ ਅੰਦਰ 2 ਲੱਖ 33 ਹਜ਼ਾਰ ਰਕਬੇ ’ਚ ਹੋਈ ਹੈ ਤੇ ਪਿਛਲੇ ਕੁਝ ਸਮੇਂ ਤੋਂ ਕੁਝ ਖੇਤਾਂ ਤੇ ਕੁਝ ਖੇਤਰਾਂ ’ਚ ਕਣਕ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਸੀ| ਕਾਸ਼ਤਕਾਰ ਅਜੈਬ ਸਿੰਘ ਕਕਰਾਲਾ ਨੇ ਦੱਸਿਆ ਕਿ ਅੱਜ ਹੋਈ ਹਲਕੀ ਬਰਸਾਤ ਤੋਂ ਖੇਤ ਗੁਲਾਬੀ ਸੁੰਡੀ ਤੇ ਕਈ ਹੋਰ ਰੋਗਾਂ ਤੋਂ ਸੁਰਖ਼ੁਰੂ ਹੋਣਗੇ| ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਵੀ ਦੱਸਿਆ ਕਿ ਹਲਕੀ ਬਰਸਾਤ ਤੋਂ ਗੁਲਾਬੀ ਸੁੰਡੀ ਜਾਂ ਤਾਂ ਮਰ ਜਾਏਗੀ ਜਾਂ ਧਰਤੀ ਹੇਠਾਂ ਚਲੀ ਜਾਵੇਗੀ, ਜਿਸ ਨਾਲ ਕਣਕ ਦੇ ਪੌਦੇ ਸੁਰੱਖਿਅਤ ਹੋਣਗੇ| ਜ਼ਿਲ੍ਹਾ ਖੇਤੀਬਾੜੀ ਅਫਸਰ ਅਨੁਸਾਰ ਗੁਲਾਬੀ ਸੁੰਡੀ ਦਾ ਅਸਰ ਪਾਤੜਾਂ, ਭੁਨਰਹੇੜੀ ਤੇ ਪਟਿਆਲਾ ਬਲਾਕਾਂ ’ਚ ਵੇਖਣ ਨੂੰ ਮਿਲਿਆ ਸੀ, ਜਿਸ ਤੋਂ ਹੁਣ ਵੱਡੀ ਨਿਜਾਤ ਮਿਲੇਗੀ।