ਪੌਣ-ਪਾਣੀ ਸਬੰਧੀ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜਾਨ ਕੇਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਪੌਣ-ਪਾਣੀ ਬਦਲਾਅ ਖ਼ਿਲਾਫ਼ ਲੜਾਈ ‘ਚ ਆਲਮੀ ਮੰਚ ‘ਤੇ ਇਕ ਵੱਡਾ ਭਾਈਵਾਲ ਹੈ। ਕੇਰੀ ਨੇ ਕਿਹਾ ਕਿ ਨਵੀਂ ਦਿੱਲੀ ਵੱਲੋਂ ਚੁੱਕੇ ਜਾਣ ਵਾਲੇ ਫ਼ੈਸਲਾਕੁੰਨ ਕਦਮ ਹੁਣ ਇਹ ਤੈਅ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਬਦਲਾਅ ਦੇ ਕੀ ਮਾਅਨੇ ਹੋਣਗੇ।ਉਨ੍ਹਾਂ ਕਿਹਾ ਕਿ ਲਿੰਗਕ ਸਮਾਨਤਾ ਤੇ ਔਰਤਾਂ ਦੀ ਅਗਵਾਈ ਨੂੰ ਬੜ੍ਹਾਵਾ ਦਿੱਤਾ ਜਾਣਾ ਨਾ ਸਿਰਫ਼ ਆਰਥਿਕ ਵਾਧੇ ਤੇ ਨਿਰੰਤਰ ਵਿਕਾਸ ਲਈ ਅਹਿਮ ਹੈ, ਬਲਕਿ ਇਹ ਪੌਣ-ਪਾਣੀ ਬਦਲਾਅ ਦੇ ਸੰਕਟ ਨਾਲ ਨਜਿੱਠਣ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਦੱਖਣੀ ਏਸ਼ੀਆ ਵੁਮੈਨ ਇਨ ਐਨਰਜੀ (ਐੱਸਏਡਬਲਯੂਆਈਈ) ਦੇ ਡਿਜੀਟਲ ਪ੍ਰਰੋਗਰਾਮ ‘ਚ ਪੌਣ-ਪਾਣੀ ਬਦਲਾਅ ਨਾਲ ਨਜਿੱਠਣ ਦੇ ਸੰਦਰਭ ‘ਚ ਭਾਰਤ-ਅਮਰੀਕਾ ਦੇ ਸਬੰਧਾਂ ਤੇ ਆਪਸੀ ਤਾਲਮੇਲ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਆਲਮੀ ਮੰਚ ‘ਤੇ ਵੱਡਾ ਭਾਈਵਾਲ ਹੈ। ਐੱਸਏਡਬਲਯੂਆਈਈ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਮੰਚ (ਯੂਐੱਸਆਈਐੱਸਪੀਐੱਫ) ਤੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਦੀ ਸਾਂਝੀ ਪਹਿਲ ਹੈ ਤੇ ਆਨਲਾਈਨ ਖਰੜਾ ਇਸਦੀ ਪਹਿਲੀ ਲੀਡਰਸ਼ਿਪ ਸਮਿਟ ਕਰਵਾਈ ਗਈ। ਇਸ ਸੰਮੇਲਨ ‘ਚ ਭਾਰਤ, ਅਮਰੀਕਾ ਤੇ ਦੱਖਣੀ ਏਸ਼ੀਆ ਦੇ ਕਈ ਸੀਨੀਅਰ ਸਰਕਾਰੀ ਅਧਿਕਾਰੀ, ਕਾਰੋਬਾਰੀ ਜਗਤ ਦੇ ਨੇਤਾ ਤੇ ਮਾਹਰਾਂ ਦੇ ਵਾਤਾਵਰਨ ਨਾਲ ਸਬੰਧਤ ਸਥਿਰਤਾ ਦੇ ਯਤਨਾਂ ਨੂੰ ਤੇਜ਼ ਕਰਨ ਤੇ ਪੌਣ-ਪਾਣੀ ਸੰਕਟ ਨਾਲ ਲੜਨ ‘ਚ ਲਿੰਗਕ ਸਮਾਨਤਾ ਦੀ ਭੂਮਿਕਾ ‘ਤੇ ਚਰਚਾ ਕੀਤੀ। ਯੂਐੱਸਆਈਐੱਸਪੀਐੱਫ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਅਘੀ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਂਗ ਪੌਣ-ਪਾਣੀ ਬਦਲਾਅ ਦੇ ਖ਼ਤਰੇ ਨਾਲ ਨਜਿੱਠਣ ਲਈ ਵੀ ਫ਼ੌਰੀ ਕਾਰਜ ਯੋਜਨਾ ਦੀ ਜ਼ਰੂਰਤ ਹੈ।