ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਘਰ ਗਣਪਤੀ ਪੂਜਾ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਲਾਪ੍ਰਵਾਹੀ ਨਾਲ ਭਰਪੂਰ ਦੱਸਿਆ ਅਤੇ ਕਿਹਾ ਕਿ ਸਿਖ਼ਰਲੀ ਅਦਾਲਤ ’ਤੇ ਨਿਰਆਧਾਰ ਅਨੁਮਾਨ ਲਾਉਣਾ ਇਕ ਖ਼ਤਰਨਾਕ ਮਿਸਾਲ ਪੇਸ਼ ਕਰਦਾ ਹੈ। ਮੋਦੀ ਬੁੱਧਵਾਰ ਨੂੰ ਇੱਥੇ ਚੀਫ਼ ਜਸਟਿਸ ਦੇ ਘਰ ਵਿੱਚ ਹੋਈ ਗਣਪਤੀ ਪੂਜਾ ’ਚ ਸ਼ਾਮਲ ਹੋਏ ਸਨ। ਇਸ ਸਮਾਰੋਹ ਨਾਲ ਸਬੰਧਤ ਇਕ ਵੀਡੀਓ ਵਿੱਚ ਚੀਫ਼ ਜਸਟਿਸ ਚੰਦਰਚੂੜ ਤੇ ਉਨ੍ਹਾਂ ਦੀ ਪਤਨੀ ਆਪਣੇ ਘਰ ਮੋਦੀ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਚੀਫ਼ ਜਸਟਿਸ ਦੇ ਘਰ ਗਣਪਤੀ ਪੂਜਾ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਵਿਰੋਧੀ ਧਿਰ ਦੇ ਕਈ ਆਗੂਆਂ ਅਤੇ ਸੁਪਰੀਮ ਕੋਰਟ ਦੇ ਕੁਝ ਵਕੀਲਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਉੱਧਰ, ਅੱਜ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਚੀਫ਼ ਜਸਟਿਸ ਦੀ ਰਿਹਾਇਸ਼ ਵਿਖੇ ਇਕ ਧਾਰਮਿਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਵੀ ਕੁਝ ਲੋਕ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਫ਼ਤਾਰ ਪਾਰਟੀ ਕਰਦੇ ਸਨ ਤਾਂ ਕੀ ਉਸ ਵਿੱਚ ਚੀਫ਼ ਜਸਟਿਸ ਨਹੀਂ ਆਉਂਦੇ ਸਨ? ਉਨ੍ਹਾਂ ਕਿਹਾ, ‘‘ਜਦੋਂ ਇਫ਼ਤਾਰ ਪਾਰਟੀ ਵਿੱਚ ਚੀਫ਼ ਜਸਟਿਸ ਅਤੇ ਪ੍ਰਧਾਨ ਮੰਤਰੀ ਬੈਠ ਸਕਦੇ ਹਨ, ਗੱਲਬਾਤ ਕਰ ਸਕਦੇ ਹਨ, ਇਕ ਮੇਜ਼ ’ਤੇ ਬੈਠ ਕੇ ਜਦੋਂ ਦੋਹਾਂ ਦੀ ਗੱਲ ਹੋ ਸਕਦੀ ਹੈ…ਉਹ ਵੀ ਇਕ ਤਿਓਹਾਰ ਹੈ, ਇਹ ਵੀ ਇਕ ਤਿਓਹਾਰ ਹੈ। ਦੋਹਾਂ ਤਿਓਹਾਰਾਂ ਵਿਚਾਲੇ ਇਹ ਫ਼ਰਕ ਕਿਉਂ?’’ ਉਨ੍ਹਾਂ ਕਿਹਾ, ‘‘ਕੁਝ ਮੂਰਖ, ਵਿਕੇ ਹੋਏ, ਕਥਿਤ ਤੌਰ ’ਤੇ ਧਰਮ ਨਿਰਪੱਖ ਹਨ ਜੋ ਇਸ ਤਰ੍ਹਾਂ ਦੀਆਂ ਸ਼ਿਸ਼ਟਾਚਾਰੀ ਮੁਲਾਕਾਤਾਂ ’ਤੇ ਇਤਰਾਜ਼ ਕਰਦੇ ਹਨ ਪਰ ਇਹ ਮਹਾਨ ਲੋਕਤੰਤਰ ਐਨਾ ਪਰਪੱਕ ਹੈ ਜੋ ਇਸ ਤਰ੍ਹਾਂ ਦੀਆਂ ਬਚਕਾਨੀ ਗੱਲਾਂ ਨੂੰ ਅਸਵੀਕਾਰ ਕਰਦਾ ਹੈ।
ਇਸ ਤੋਂ ਪਹਿਲਾਂ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਚੀਫ਼ ਜਸਟਿਸ ਨੇ ਸ਼ਕਤੀਆਂ ਦੀ ਵੰਡ ਨਾਲ ਸਮਝੌਤਾ ਕਰ ਲਿਆ ਹੈ। ਉੱਧਰ, ਸੀਨੀਅਰ ਵਕੀਲ ਤੇ ਕਾਰਕੁਨ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਚੀਫ਼ ਜਸਟਿਸ ਦੇ ਘਰ ਚੋਣ ਜੱਜਾਂ ਲਈ ਬਣੇ ਆਦਰਸ਼ ਜ਼ਾਬਤੇ ਦੀ ਉਲੰਘਣਾ ਹੈ।
ਇਸ ਤੋਂ ਪਹਿਲਾਂ, ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਊਤ ਨੇ ਕਿਹਾ ਕਿ ਜਦੋਂ ਸੰਵਿਧਾਨ ਦੇ ਰੱਖਿਅਕ ਆਗੂਆਂ ਨਾਲ ਮਿਲਦੇ ਹਨ ਤਾਂ ਲੋਕਾਂ ਦੇ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਚੀਫ਼ ਜਸਟਿਸ ਨੂੰ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਧਾਇਕਾਂ ਨਾਲ ਸੰਬਧਤ ਅਯੋਗਤਾ ਪਟੀਸ਼ਨਾਂ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰਨ ਲੈਣਾ ਚਾਹੀਦਾ ਹੈ।