ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਦੁੱਧ ਉਤਪਾਦਨ ਦੇ ਮਾਮਲੇ ‘ਚ ਭਾਰਤ ਦੁਨੀਆ ‘ਚ ਸਿਖਰ ‘ਤੇ ਹੈ। ਦੇਸ਼ ‘ਚ ਸਾਰਾ ਸਾਲ 8.5 ਲੱਖ ਕਰੋੜ ਰੁਪਏ ਦੇ ਦੁੱਧ ਦਾ ਉਤਪਾਦਨ ਹੁੰਦਾ ਹੈ। ਇਹ ਕਣਕ ਤੇ ਚੌਲਾਂ ਦੇ ਸਾਲਾਨਾ ਟਰਨਓਵਰ ਤੋਂ ਕਿਤੇ ਜ਼ਿਆਦਾ ਹੈ। ਗੁਜਰਾਤ ਦੇ ਬਨਾਸਕਾਂਠਾ ‘ਚ ਬਨਾਸ ਡੇਅਰੀ ਦੇ ਨਵੇਂ ਕੰਪਲੈਕਸ ਤੇ ਆਲੂ ਪ੍ਰਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਛੋਟੇ ਕਿਸਾਨ ਡੇਅਰੀ ਖੇਤਰ ਦੇ ਸਭ ਤੋਂ ਵੱਡੇ ਲਾਭ ਪਾਤਰੀ ਹਨ।
ਕਾਂਗਰਸ ‘ਤੇ ਨਿਸ਼ਾਨਾ ਲਗਾਉਂਦੇ ਹੋਏ ਮੋਦੀ ਨੇ ਕਿਹਾ ਕਿ ਇਕ ਸਾਬਕਾ ਪ੍ਰਧਾਨ ਮੰਤਰੀ ਕਿਹਾ ਕਰਦੇ ਸਨ ਕਿ ਦਿੱਲੀ ਤੋਂ ਜਾਰੀ ਹੋਣ ਵਾਲੇ ਇਕ ਰੁਪਏ ‘ਚ ਲਾਭਪਾਤਰੀ ਤੱਕ ਸਿਰਫ਼ 15 ਪੈਸੇ ਪਹੁੰਚਦੇ ਹਨ। ਪਰ ਮੈਂ ਯਕੀਨੀ ਬਣਾਇਆ ਕਿ ਪੂਰੇ ਦਾ ਪੂਰਾ ਇਕ ਰੁਪਿਆ ਲਾਭਪਾਤਰੀ ਤੱਕ ਪੁੱਜੇ ਤੇ ਇਹ ਕਿਸਾਨਾਂ ਦੇ ਖਾਤੇ ‘ਚ ਜਮ੍ਹਾਂ ਕਰਵਾਏ ਜਾਣ।
ਪੀਐੱਮ ਨੇ ਕਿਹਾ ਕਿ ਬਨਾਸਕਾਂਠਾ ਦੇ ਉਤਪਾਦ ਹੁਣ ਲੋਕਲ ਤੋਂ ਗਲੋਬਲ ਹੋ ਗਏ। ਸਿੰਗਾਪੁਰ ‘ਚ ਦੁੱਧ ਦੀ ਚਾਹ ਮੰਗੋ ਤਾਂ ਉਸ ‘ਚ ਦੁੱਧ ਗੁਜਰਾਤ ਦਾ ਹੋਵੇਗਾ। ਕਿਸਾਨਾਂ ਨੂੰ ਆਲੂ ਤੇ ਬੀਜ ਦੀਆਂ ਵੀ ਬਿਹਤਰ ਕੀਮਤਾਂ ਮਿਲਣਗੀਆਂ। ਮੋਦੀ ਨੇ ਕਿਹਾ ਕਿ ਦੁੱਧ ਤੇ ਆਲੂ ‘ਚ ਕੋਈ ਰਿਸ਼ਤਾ ਨਹੀਂ ਹੈ। ਪਰ ਬਨਾਸ ਡੇਅਰੀ ਨੇ ਦੋਵਾਂ ਦੀ ਪ੍ਰਰੋਸੈਸਿੰਗ ਇਕਾਈ ਇਕ ਥਾਂ ਸ਼ੁਰੂ ਕਰ ਕੇ ਇਹ ਵੀ ਕਰ ਦਿਖਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਜਾ ਕੇ ਵੀ ਉਨ੍ਹਾਂ ਨੂੰ ਇੱਥੋਂ ਦੇ ਕਿਸਾਨਾਂ ਦੀ ਚਿੰਤਾ ਹੈ। ਇੱਥੇ ਗੋਬਰ ਗੈਸ ਪਲਾਂਟ ਵੀ ਲਗਾਇਆ ਗਿਆ ਹੈ, ਜਿਸ ਨਾਲ ਸੀਐੱਨਜੀ ਗੈਸ ਦਾ ਉਤਪਾਦਨ ਹੋਵੇਗਾ। ਪਸ਼ੂ ਪਾਲਕਾਂ ਨੂੰ ਦੁੱਧ ਨਾਲ ਗੋਬਰ ਦਾ ਪੈਸਾ ਵੀ ਮਿਲੇਗਾ। ਸਾਡੀ ਪੇਂਡੂ ਅਰਥਵਿਵਸਥਾ ਮਜ਼ਬੂਤ ਹੋਵੇਗੀ ਤਾਂ ਮਹਿਲਾਵਾਂ ਮਜ਼ਬੂਤ ਹੋਣਗੀਆਂ। ਮੋਦੀ ਨੇ ਪਸ਼ੂ ਪਾਲਕ ਮਹਿਲਾਵਾਂ ਨਾਲ ਚਰਚਾ ਕਰਦੇ ਹੋਏ ਦੱਸਿਆ ਕਿ ਪਹਿਲਾਂ ਮਕਾਨ, ਦੁਕਾਨ, ਟਰੈਕਟਰ ਸਬ ਪਿਤਾ ਜਾਂ ਪਤੀ ਦੇ ਨਾਂ ਹੁੰਦਾ ਸੀ। ਪਰ ਉਨ੍ਹਾਂ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦਿਆਂ ਮਹਿਲਾਵਾਂ ਦੇ ਨਾਂ ਜਾਇਦਾਦ ਦੀ ਨੀਤੀ ਬਣਾਈ।