ਕੋਲੰਬੋ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰ ਦੀਸਾਨਾਇਕੇ ਦੇ ਦਿੱਲੀ ਦੌਰੇ ਦੌਰਾਨ ਹੋਏ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਲਈ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਸ੍ਰੀਲੰਕਾ ਦੀ ਯਾਤਰਾ ਕਰਨਗੇ। ਵਿਦੇਸ਼ ਮੰਤਰੀ ਵਿਜੀਤਾ ਹੇਰਾਥ ਨੇ ਇੱਥੇ ਸੰਸਦ ਵਿੱਚ ਬਜਟ ’ਤੇ ਚਰਚਾ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ।
ਹੇਰਾਥ ਨੇ ਕਿਹਾ, “ਅਸੀਂ ਆਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾ ਕੇ ਰੱਖੇ ਹੋਏ ਹਨ। ਸਾਡਾ ਪਹਿਲਾ ਕੂਟਨੀਤਕ ਦੌਰਾ ਭਾਰਤ ਦਾ ਸੀ, ਜਿੱਥੇ ਅਸੀਂ ਦੁਵੱਲੇ ਸਹਿਯੋਗ ’ਤੇ ਕਈ ਸਮਝੌਤੇ ਕੀਤੇ।’’ ਉਨ੍ਹਾਂ ਕਿਹਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਰੈਲ ਦੇ ਸ਼ੁਰੂ ਵਿੱਚ ਇੱਥੇ ਆਉਣਗੇ।’’ ਹੇਰਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਸਾਮਪੁਰ ਸੂਰਜੀ ਊਰਜਾ ਪਾਵਰ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ ਕਈ ਨਵੇਂ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਜਾਣਗੇ।
ਸਰਕਾਰੀ ਮਾਲਕੀ ਵਾਲੀ ਬਿਜਲੀ ਕੰਪਨੀ ਸੀਲੋਨ ਬਿਜਲੀ ਬੋਰਡ ਅਤੇ ਭਾਰਤ ਦੀ ਐੱਨਟੀਪੀਸੀ ਨੇ 2023 ਵਿੱਚ ਪੂਰਬੀ ਤ੍ਰਿੰਕੋਮਾਲੀ ਜ਼ਿਲ੍ਹੇ ਦੇ ਸਾਮਪੁਰ ਸ਼ਹਿਰ ਵਿੱਚ 135 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਸੀ। ਹੇਰਾਥ ਨੇ ਕਿਹਾ, ‘‘ਅਸੀਂ ਆਪਣੀ ਵਿਦੇਸ਼ ਨੀਤੀ ਵਿੱਚ ਕਿਸੇ ਦਾ ਪੱਖ ਲਏ ਬਿਨਾਂ ਨਿਰਪੱਖ ਰਹਾਂਗੇ ਅਤੇ ਕੌਮੀ ਹਿੱਤ ਨੂੰ ਕਾਇਮ ਰੱਖਣ ਲਈ ਕੰਮ ਕਰਾਂਗੇ।’’ ਸਾਲ 2015 ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਸ੍ਰੀਲੰਕਾ ਦਾ ਚੌਥਾ ਦੌਰਾ ਹੋਵੇਗਾ।