ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਅਮਰੀਕਾ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਗੋਲੇ ਦਾਗੇ ਹਨ। ਇਸ ਵਾਰ ਉਨ੍ਹਾਂ ਕੋਰੋਨਾ ਮੁੱਦੇ ਤੇ ਤਾਲਾਬੰਦੀ ਦੇ ਸਮੇਂ ਬਾਰੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਉੱਤੇ ਫਿਰ ਹਮਲਾ ਕੀਤਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੋਰਾਂ ਬਾਰੇ ਪੋਸਟ ਕੀਤੀਆਂ ਵੀਡੀਓ ਤੇ ਤਸਵੀਰਾਂ ‘ਤੇ ਤਾਅਨਾ ਮਾਰਦਿਆਂ ਰਾਹੁਲ ਨੇ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਮੋਰਾਂ ਵਿੱਚ ਰੁੱਝੇ ਹੋਏ ਹਨ ਤਾਂ ਲੋਕਾਂ ਨੂੰ ਆਪਣੀ ਜਾਨ ਖੁਦ ਹੀ ਬਚਾਉਣੀ ਪਵੇਗੀ।
ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ ਹੈ, “ਕੋਰੋਨਾ ਦੇ ਅੰਕੜੇ ਇਸ ਹਫਤੇ 50 ਲੱਖ ਨੂੰ ਪਾਰ ਕਰ ਜਾਣਗੇ ਤੇ 10 ਲੱਖ ਸਰਗਰਮ ਕੇਸ ਹੋ ਜਾਣਗੇ। ਗੈਰ ਯੋਜਨਾਬੱਧ ਤਾਲਾਬੰਦ ਇੱਕ ਵਿਅਕਤੀ ਦੀ ਹਉਮੈ ਦਾ ਉਤਪਾਦ ਹੈ ਜੋ ਪੂਰੇ ਦੇਸ਼ ਵਿੱਚ ਕੋਰੋਨਾ ਫੈਲਾ ਰਿਹਾ ਹੈ। ਮੋਦੀ ਨੇ ਕਿਹਾ ਸਵੈ-ਨਿਰਭਰ ਹੋਵੋ ਭਾਵ ਆਪਣੇ ਆਪ ਨੂੰ ਖੁਦ ਹੀ ਬਚਾਓ ਕਿਉਂਕਿ ਪ੍ਰਧਾਨ ਮੰਤਰੀ ਮੋਰ ਨਾਲ ਰੁੱਝੇ ਹੋਏ ਹਨ।”
ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਲਾਗ ਦੇਸ਼ ਵਿੱਚ ਭਿਆਨਕ ਸਥਿਤੀ ਤੱਕ ਪਹੁੰਚ ਗਈ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਇੱਕ ਲੱਖ ਦੇ ਨੇੜੇ ਪਹੁੰਚਣ ਜਾ ਰਹੀ ਹੈ। ਕੋਰੋਨਾ ਦੇ ਸ਼ੁਰੂਆਤੀ ਪੜਾਅ ਵਿੱਚ ਲਾਇਆ ਗਿਆ ਲੌਕਡਾਊਨ ਹੁਣ ਖੁੱਲ੍ਹ ਗਿਆ ਹੈ।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਇਨ੍ਹਾਂ ਵਿੱਚ ਮੋਰ ਉਨ੍ਹਾਂ ਦੇ ਆਸ ਪਾਸ ਦਿਖਾਈ ਦੇ ਰਿਹਾ ਹੈ। ਇਸ ਨੂੰ ਟਵਿੱਟਰ ‘ਤੇ ਪੋਸਟ ਕੀਤਾ ਗਿਆ ਸੀ। ਇਸ ‘ਤੇ ਕਾਫੀ ਪ੍ਰਤੀਕਰਮ ਆਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਗਈ ਸੀ ਕਿ ਅਜਿਹੇ ਸੰਕਟ ਵਿੱਚ ਉਹ ਅਜਿਹੀਆਂ ਗਤੀਵਿਧੀਆਂ ਨੂੰ ਟਵੀਟ ਕਰ ਰਹੇ ਹਨ।