17.92 F
New York, US
December 22, 2024
PreetNama
ਖਾਸ-ਖਬਰਾਂ/Important News

ਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਭਾਰਤ-ਪਾਕਿ ਦੀ ਲੜਾਈ

ਨਵੀਂ ਦਿੱਲੀ/ਇਸਲਾਮਾਬਾਦ: ਕਸ਼ਮੀਰ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ। ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਤੱਕ ਪ੍ਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੇ ਸਿਧਾਂਤ ‘ਤੇ ਕਾਇਮ ਹੈ ਪਰ ਭਵਿੱਖ ਬਦਲ ਰਹੀਆਂ ਸਥਿਤੀਆਂ ‘ਤੇ ਨਿਰਭਰ ਕਰੇਗਾ। ਉਧਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਰਾਜਨਾਥ ਸਿੰਘ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਦਿੱਤੇ ਗਏ ਬਿਆਨ ਨੂੰ ‘ਗ਼ੈਰਜ਼ਿੰਮੇਵਾਰਾਨਾ’ ਤੇ ‘ਮੰਦਭਾਗਾ’ ਕਰਾਰ ਦਿੱਤਾ ਹੈ।

ਦਰਅਸਲ ਰਾਜਨਾਥ ਸਿੰਘ ਨੇ ਪੋਖਰਣ ਦੇ ਦੌਰੇ ਮੌਕੇ ਕਿਹਾ ਸੀ ਕਿ ਭਾਰਤ ਪ੍ਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੇ ਫ਼ੈਸਲੇ ਦਾ ਹਮੇਸ਼ਾ ਪਾਲਣ ਕਰਦਾ ਆ ਰਿਹਾ ਹੈ ਪਰ ‘ਭਵਿੱਖ ’ਚ ਕੀ ਕੁਝ ਹੋਵੇਗਾ, ਇਹ ਹਾਲਾਤ ਉੱਤੇ ਨਿਰਭਰ ਕਰੇਗਾ।’ ਇਸ ਮਗਰੋਂ ਕਾਂਗਰਸ ਨੇ ਵੀ ਬੀਜੇਪੀ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਪਰਮਾਣੂ ਨੀਤੀ ਬਾਰੇ ਸਪਸ਼ਟ ਕਰੇ।

ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਦੇ ਬਿਆਨ ਦਾ ਮਤਲਬ ਤੇ ਸਮਾਂ ਬਹੁਤ ਮੰਦਭਾਗਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਵਤੀਰਾ ਗ਼ੈਰਜ਼ਿੰਮੇਵਾਰਾਨਾ ਤੇ ਲੜਾਈ ਵਾਲਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਆਪਣੇ ਪੁਰਾਣੇ ਸਟੈਂਡ ’ਤੇ ਕਾਇਮ ਹੈ। ਕੁਰੈਸ਼ੀ ਨੇ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਦਾ ਬਿਆਨ ਉਨ੍ਹਾਂ ਦੀ ‘ਅਗਿਆਨਤਾ’ ਨੂੰ ਦਰਸਾਉਂਦਾ ਹੈ।

ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਵਿਰੋਧ ’ਚ ਪਾਕਿਸਤਾਨ ਵੱਲੋਂ ਇਹ ਮਾਮਲਾ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਉਠਾਏ ਜਾਣ ਕਾਰਨ ਇਹ ਮਾਮਲਾ ਭਖ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਸਲਾਮਤੀ ਪ੍ਰੀਸ਼ਦ ਦੀ ਬੈਠਕ ਨੇ ਦਿਖਾਇਆ ਹੈ ਕਿ ਕਸ਼ਮੀਰ ਦੇ ਲੋਕ ਇਕੱਲੇ ਨਹੀਂ ਹਨ। ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਵੀ ਇਨਕਾਰ ਕੀਤਾ।

ਇਸ ਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਫ਼ੌਜ ਭਾਰਤ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੁਰੈਸ਼ੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫ਼ੌਜ ਦੇ ਤਰਜਮਾਨ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਧਿਆਨ ਕਸ਼ਮੀਰ ਤੋਂ ਹਟਾਉਣ ਲਈ ਹਮਲੇ ਕਰਵਾ ਸਕਦਾ ਹੈ। ਉਸ ਨੇ ਕਿਹਾ ਕਿ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਕੰਟਰੋਲ ਰੇਖਾ ’ਤੇ ਵਾਧੂ ਫ਼ੌਜ ਤਾਇਨਾਤ ਹੈ। ਉਸ ਮੁਤਾਬਕ ਕਸ਼ਮੀਰ ਮੁੱਦੇ ’ਤੇ ਪ੍ਰਮਾਣੂ ਜੰਗ ਵੀ ਹੋ ਸਕਦੀ ਹੈ।ਅਮਰੀਕਾ ਨੇ ਠੰਢ ਰੱਖਣ ਲਈ ਕਿਹਾ-

ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਸ਼ਾਂਤੀ ਬਣਾਈ ਰੱਖਣ। ਵ੍ਹਾਈਟ ਹਾਊਸ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਟਰੰਪ ਨੂੰ ਕੀਤੇ ਗਏ ਫੋਨ ਦੌਰਾਨ ਉਨ੍ਹਾਂ ਨੂੰ ਇਹ ਸੁਨੇਹਾ ਦਿੱਤਾ ਗਿਆ। ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵੱਲੋਂ ਕਸ਼ਮੀਰ ਬਾਰੇ ਬੰਦ ਕਮਰਾ ਬੈਠਕ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਦੋਵੇਂ ਆਗੂਆਂ ਵਿਚਕਾਰ ਫੋਨ ’ਤੇ ਗੱਲਬਾਤ ਹੋਈ ਸੀ। ਟਰੰਪ ਨੇ ਜੰਮੂ ਕਸ਼ਮੀਰ ’ਚ ਹਾਲਾਤ ਬਾਰੇ ਦੁਵੱਲੀ ਗੱਲਬਾਤ ਰਾਹੀਂ ਦੋਵੇਂ ਮੁਲਕਾਂ ਨੂੰ ਤਣਾਅ ਘਟਾਉਣ ਦਾ ਸੱਦਾ ਦਿੱਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਇਮਰਾਨ ਖ਼ਾਨ ਨਾਲ ਖੇਤਰੀ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ।

Related posts

ਇੰਟਰਵਿਊ ‘ਚ ਇਹ ਕੀ ਕਹਿ ਗਏ ਮੋਦੀ, ਵਿਰੋਧੀਆਂ ਨੇ ਬੁਰੀ ਤਰ੍ਹਾਂ ਘੇਰਿਆ

On Punjab

Let us be proud of our women by encouraging and supporting them

On Punjab

Terrorism In Pakistan : ਅੱਤਵਾਦ ‘ਤੇ ਪਾਕਿਸਤਾਨ ਦਾ ਪਰਦਾਫਾਸ਼, PM ਸ਼ਾਹਬਾਜ਼ ਸ਼ਰੀਫ ਨੇ ਕਿਹਾ- ਦੇਸ਼ ਭਰ ‘ਚ ਘੁੰਮਦੇ ਹਨ ਅੱਤਵਾਦੀ

On Punjab