ਪ੍ਰਯਾਗਰਾਜ-ਮਹਾਕੁੰਭ ਭਗਦੜ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਸ਼ੁੱਕਰਵਾਰ ਨੂੰ ਪ੍ਰਯਾਗਰਾਜ ਪਹੁੰਚ ਗਿਆ ਹੈ। ਇਸ ਪੈਨਲ ਦੀ ਅਗਵਾਈ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਰਸ਼ ਕੁਮਾਰ ਕਰ ਰਹੇ ਹਨ ਅਤੇ ਇਸ ਵਿੱਚ ਸਾਬਕਾ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਵੀ ਕੇ ਗੁਪਤਾ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਡੀ ਕੇ ਸਿੰਘ ਸ਼ਾਮਲ ਹਨ।
ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਕਮਿਸ਼ਨ ਇੱਥੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਿਹਾ ਹੈ। ਅਸੀਂ ਬਾਅਦ ਵਿੱਚ ਘਟਨਾ ਵਾਲੀ ਥਾਂ ਦਾ ਦੌਰਾ ਵੀ ਕਰ ਸਕਦੇ ਹਾਂ। ਇਹ ਪੈਨਲ ਬੁੱਧਵਾਰ ਨੂੰ ਭਗਦੜ ਕਾਰਨ ਵਾਪਰੇ ਹਾਦਸੇ ਦੇ ਮੱਦੇਨਜ਼ਰ ਬਣਾਇਆ ਗਿਆ ਸੀ ਜਿਸ ਵਿੱਚ ਸੰਗਮ ਨੋਜ਼ ਵਿਖੇ 30 ਸ਼ਰਧਾਲੂ ਮਾਰੇ ਗਏ ਸਨ ਜਿੱਥੇ ਉਹ ਮੌਨੀ ਅਮਾਵਸਿਆ ਦੇ ਮੌਕੇ ‘ਤੇ ਇਸ਼ਨਾਨ ਕਰਨ ਗਏ ਸਨ।ਪੈਨਲ ਦੇ ਮੁਖੀ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਕਮਿਸ਼ਨ ਕੋਲ ਆਪਣੀ ਜਾਂਚ ਪੂਰੀ ਕਰਨ ਲਈ ਇੱਕ ਮਹੀਨਾ ਹੈ ਪਰ ਉਹ ਇਸ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰੇਗਾ।