ਅਜਨਾਲਾ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤੇੜਾ ਖੁਰਦ ’ਚ 16 ਜੂਨ ਦੀ ਰਾਤ ਨੂੰ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਸ਼ੱਕੀ ਹਾਲਾਤ ਵਿਚ ਗੁੰਮ ਹੋਣ ਦੇ ਮਾਮਲੇ ਦਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਮੁਤਾਬਕ ਘਰ ਦੇ ਮੁਖੀ ਹਰਵੰਤ ਸਿੰਘ ਉਰਫ਼ ਕਾਲਾ ਨੇ ਆਪਣੇ ਭਣੇਵੇਂ ਕੁਲਦੀਪ ਸਿੰਘ ਵਾਸੀ ਕਾਮਲਪੁਰਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਪਰਿਵਾਰ ਦੇ ਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਲਾਸ਼ਾਂ ਖੁਰਦ-ਬੁਰਦ ਕਰਨ ਲਈ ਉਨ੍ਹਾਂ ਨੂੰ ਨਹਿਰ ’ਚ ਸੁੱਟ ਦਿੱਤਾ ਸੀ ਤੇ ਪਰਿਵਾਰ ਦੇ ਗੁੰਮ ਹੋਣ ਦਾ ਰੌਲਾ ਪਾ ਦਿੱਤਾ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਹਰਵੰਤ ਸਿੰਘ ਨੇ ਆਪਣੀ ਪ੍ਰੇਮਿਕਾ ਲਈ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ। ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ ਜਦੋਂਕਿ ਪਰਿਵਾਰ ਉਸ ਨੂੰ ਮਾੜੇ ਕੰਮਾਂ ਤੋਂ ਵਰਜਦਾ ਸੀ। ਹਰਵੰਤ ਸਿੰਘ ਨੇ ਪਰਿਵਾਰ ਨੂੰ ਆਪਣੇ ਰਾਹ ’ਚ ਰੋੜਾ ਬਣਦਿਆਂ ਦੇਖ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਲਾਸ਼ਾਂ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਬੋਰੀਆਂ ਵਿਚ ਬੰਨ੍ਹ ਕੇ ਲਾਹੌਰ ਬ੍ਰਾਂਚ ਨਹਿਰ ਜਗਦੇਵ ਕਲਾਂ ਵਿਖੇ ਸੁੱਟ ਦਿੱਤਾ।
ਪੁਲਿਸ ਨੇ ਨਹਿਰ ਵਿੱਚੋਂ ਬੀਐਸਐਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਹਰਵੰਤ ਦੇ ਲੜਕੇ ਲਵਰੂਪ ਸਿੰਘ ਦੀ ਲਾਸ਼ ਸੈਂਸਰਾ ਕਲਾਂ ਨੇੜਿਉਂ ਤੇ ਧੀ ਸ਼ਰਨਜੀਤ ਕੌਰ ਤੇ ਲੜਕੇ ਉਂਕਾਰ ਸਿੰਘ ਦੀਆਂ ਲਾਸ਼ਾਂ ਰਾਣੇਵਾਲੀ ਨੇੜਿਉਂ ਬੋਰੀਆਂ ਵਿੱਚ ਬੰਨ੍ਹੀਆਂ ਹੋਈਆਂ ਬਰਾਮਦ ਕੀਤੀਆਂ। ਉਸ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਇਕ ਦਿਨ ਪਹਿਲਾਂ ਮਿਲ ਗਈ ਸੀ।