ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਸਜ਼ਾ ਸਮੀਖਿਆ ਬੋਰਡ ਦੀ ਰਿਪੋਰਟ ਆਉਣ ਉਪਰ ਤੁਰੰਤ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਸਤਖ਼ਤ ਕਰ ਦਿੱਤੇ ਜਾਣਗੇ। ਚਾਹੇ ਇਹ ਰਿਪੋਰਟ 15 ਦਿਨਾਂ ਵਿਚ ਆਵੇ ਤੇ ਚਾਹੇ ਮਹੀਨੇ ਤਕ ਆਵੇ। ਇਹ ਪ੍ਰਗਟਾਵਾ ਉਨ੍ਹਾਂ ਨੇ ਸੋਮਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਜ਼ਾ ਭੁਗਤ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਕੇਜਰੀਵਾਲ ਸਰਕਾਰ ਉੱਪਰ ਦਸਤਖ਼ਤ ਨਾ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਵੱਲੋਂ ਦਿੱਲੀ ਸਰਕਾਰ ਰਿਹਾਈ ਦੇ ਹੁਕਮ ਵਾਲੀ ਫਾਈਲ ਉਤੇ ਵਾਰ-ਵਾਰ ਇਤਰਾਜ਼ ਲਾਉਣ ਕਰ ਕੇ ਇਹ ਮਾਮਲਾ ਲਟਕਿਆ ਹੋਇਆ ਹੈ। ਮੁੱਖ ਮੰਤਰੀ ਦੇ ਚਿਹਰੇ ਵਜੋਂ ਉਨ੍ਹਾਂ ਨੂੰ ਪੇਸ਼ ਕੀਤੇ ਜਾਣ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪਾਰਟੀ ਦੇ ਵਰਕਰਾਂ ਤੇ ਜਨਤਾ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਟੀਮ ਦਾ ਕਪਤਾਨ ਬਣਾਇਆ ਹੈ ਅਤੇ ਜਿੱਤ ਜਾਂ ਹਾਰ ਦੀ ਜ਼ਿੰਮੇਵਾਰੀ ਵੀ ਕਪਤਾਨ ਦੇ ਸਿਰ ਹੁੰਦੀ ਹੈ। ਜੇਕਰ ਟੀਮ ਜਿੱਤਦੀ ਹੈ ਤਾਂ ਕਪਤਾਨ ਲਈ ਤਾਲੀਆਂ ਵੱਜਦੀਆਂ ਹਨ ਪਰ ਜੇਕਰ ਟੀਮ ਹਾਰਦੀ ਹੈ ਤਾਂ ਗਾਲ੍ਹਾਂ ਵੀ ਕਪਤਾਨ ਨੂੰ ਹੀ ਪੈਂਦੀਆਂ ਹਨ। ਇਸ ਲਈ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਾਈ ਜਾ ਰਹੀ ਹੈ, ਉਥੇ ਪੁੱਜ ਰਹੇ ਹਨ।
ਭਗਵੰਤ ਮਾਨ ਨੇ ਪਾਰਟੀ ਦਾ ਚੋਣ ਨਾਅਰਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਮਾਨ ਨੂੰ ਦੇਵਾਂਗੇ ਇਕ ਮੌਕਾ’ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਨੂੰ ਬਹੁਤ ਵਾਰ ਮੌਕਾ ਦੇ ਚੁੱਕੇ ਹਨ ਅਤੇ ਹੁਣ ਆਪ ਦੇ ਰੂਪ ਵਿਚ ਉਨ੍ਹਾਂ ਨੂੰ ਤੀਜਾ ਬਦਲ ਮਿਲ ਗਿਆ ਹੈ। ਇਸ ਲਈ ਸੂਬਾ ਵਾਸੀ ਇਸ ਵਾਰ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੌਕਾ ਦੇਣਗੇ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰੇਗੀ ਅਤੇ ਪੰਜਾਬ ਮਾਡਲ ਨੂੰ ਦੁਨੀਆ ਸਾਹਮਣੇ ਉਦਾਹਰਨ ਬਣਾ ਕੇ ਪੇਸ਼ ਕੀਤਾ ਜਾਵੇਗਾ।