ਨਵਾਂਸ਼ਹਿਰ: ਇੱਥੋਂ ਦੇ ਪਿੰਡ ਲੱਖਪੁਰ ਦੇ ਨੌਜਵਾਨ ਦਾ ਇਟਲੀ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ ਵਜੋਂ ਹੋਈ ਹੈ। ਉਹ ਪਿਛਲੇ 16-17 ਸਾਲਾਂ ਤੋਂ ਇਟਲੀ ਦੇ ਰੋਮ ਸ਼ਹਿਰ ਵਿੱਚ ਰਹਿੰਦਾ ਸੀ ਤੇ ਕੰਮ ਕਰਦਾ ਸੀ। ਪਰਵੀਨ ਦੇ ਮਾਪਿਆਂ ਨੇ ਉਸ ਦੀ ਮੌਤ ਦਾ ਦੋਸ਼ ਉਸ ਦੇ ਸਹੁਰਾ ਪਰਿਵਾਰ ‘ਤੇ ਲਾਇਆ ਹੈ।
ਪਰਵੀਨ ਦੇ ਪਿਤਾ ਸੱਤਪਾਲ ਚੋਪੜਾ ਤੇ ਮਾਤਾ ਬਲਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭੀਮਾ (ਪਰਵੀਨ ਦਾ ਘਰੇਲੂ ਨਾਂ) ਦੋ ਮਹੀਨੇ ਪਹਿਲਾਂ ਹੀ ਇਟਲੀ ਵਾਪਸ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਮਨਪ੍ਰੀਤ ਕੌਰ ਉਰਫ ਪੂਜਾ ਨਾਲ ਛੇ ਸਾਲ ਪਹਿਲਾਂ ਹੋਇਆ ਸੀ ਤੇ ਉਸ ਦੀ ਪੰਜ ਸਾਲ ਦੀ ਧੀ ਵੀ ਹੈ। ਪਰਵੀਨ ਦਾ ਛੋਟਾ ਭਰਾ ਆਸਟ੍ਰੇਲੀਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ 10 ਕੁ ਦਿਨ ਪਹਿਲਾਂ ਪਰਵੀਨ ਦਾ ਫ਼ੋਨ ਆਇਆ ਸੀ ਕਿ ਉਹ ਬਾਥਰੂਮ ਵਿੱਚ ਡਿੱਗ ਗਿਆ ਤੇ ਉਸ ਦੇ ਹੱਥ ‘ਤੇ ਸੱਟ ਲੱਗੀ ਸੀ। ਉਸ ਨੇ ਆਪਣੀ ਫ਼ੋਟੋ ਵੀ ਭੇਜੀ ਸੀ ਪਰ ਕੁਝ ਦਿਨ ਬਾਅਦ ਉਸ ਦੀ ਮੌਤ ਦੀ ਖ਼ਬਰ ਆ ਗਈ।
ਪਰਵੀਨ ਦੇ ਦਾਦਾ ਮਹਿੰਗਾ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਬਹੂ ਨਾਲ ਪਰਵੀਨ ਦਾ ਝਗੜਾ ਚੱਲ ਰਿਹਾ ਸੀ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਭੀਮੇ ਦਾ ਕਤਲ ਉਸ ਨੇ ਹੀ ਕਰਵਾਇਆ ਹੈ। ਪਰਿਵਾਰ ਨੇ ਆਪਣੇ ਪੁੱਤ ਦੀ ਮੌਤ ਦਾ ਇਨਸਾਫ਼ ਤੇ ਉਸ ਦੀ ਲਾਸ਼ ਭਾਰਤ ਮੰਗਵਾਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ।