ਮੁਹਾਲੀ- ਪੰਜਾਬ ਦੇ ਡੀ. ਜੀ. ਪੀ. (ਐੱਸ. ਟੀ. ਐੱਫ.) ਮੁਹੰਮਦ ਮੁਸਤਫ਼ਾ ਵਲੋਂ ਅੱਜ ਮੁਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ, ਉੱਥੇ ਹੀ ਇਸ ਸੰਬੰਧ ‘ਚ ਸਰਕਾਰ ਨੌਜਵਾਨਾਂ ਨੂੰ ਪਿੰਡ ਪੱਧਰ ਅਤੇ ਸ਼ਹਿਰ ਪੱਧਰ ‘ਤੇ ਜਾਗਰੂਕ ਵੀ ਕਰ ਰਹੀ ਹੈ।
ਮੁਸਤਫ਼ਾ ਨੇ ਕਿਹਾ ਕਿ ਨਸ਼ਿਆਂ ਸਮੇਤ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਮਾਮਲਿਆਂ ਨੂੰ ਕਮਜ਼ੋਰ ਕਰਨ ਅਤੇ ਭਗੌੜੇ ਮੁਲਜ਼ਮਾਂ ਨੂੰ ਨਾ ਫੜਨ ‘ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਜਵਾਬ ਤਲਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਐੱਸ. ਟੀ. ਐੱਫ. ਦੀ ਨਹੀਂ, ਸਗੋਂ ਪੂਰੀ ਪੰਜਾਬ ਪੁਲਿਸ ਦੀ ਹੈ।