ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਅਨਿਲ ਬਾਜਪਾਈ ਹੁਣ ਭਾਜਪਾ ਦੇ ਹੋ ਗਏ ਹਨ। ਵਿਧਾਇਕ ਤੋਂ ਇਲਾਵਾ ‘ਆਪ’ ਦੇ ਤਿੰਨ ਕੌਂਸਲਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ‘ਆਪ’ ਛੱਡਣ ਮਗਰੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਲਾਏ।
ਅਨਿਲ ਬਾਜਪਾਈ ਨੇ ਕਿਹਾ ਕਿ ‘ਆਪ’ ਆਪਣੇ ਅਸਲ ਪੰਧ ਤੋਂ ਭਟਕ ਗਈ ਹੈ ਤੇ ਸਾਲਾਂ ਤਕ ਪਾਰਟੀ ਲਈ ਬੇਹੱਦ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਸੀ ਮਿਲ ਰਿਹਾ। ਇਸ ਲਈ ਉਹ ਪਾਰਟੀ ਤੋਂ ਵੱਖ ਹੋ ਰਹੇ ਹਨ। ਬਾਜਪਾਈ ਨੂੰ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਦਿੱਲੀ ਦੇ ਇੰਚਾਰਜ ਸ਼ਿਆਮ ਜਾਜੂ ਤੇ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਅਨਿਲ ਬਾਜਪਾਈ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ‘ਆਪ’ ਦੇ ਸੀਨੀਅਰ ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਏ ਸਨ ਕਿ ਭਾਜਪਾ ਉਨ੍ਹਾਂ ਦੇ ਸੱਤ ਵਿਧਾਇਕਾਂ ਨੂੰ 10-10 ਕਰੋੜ ਰੁਪਏ ਦਾ ਲਾਲਾਚ ਦੇ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉੱਧਰ, ਗੋਇਲ ਨੇ ਦਾਅਵਾ ਕੀਤਾ ਕਿ ਸੱਤ ਨਹੀਂ ਬਲਕਿ ‘ਆਪ’ ਦੇ 14 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਤਿੰਨ ਕੌਂਸਲਰਾਂ ਤੇ ਵਿਧਾਇਕ ਦਾ ਭਾਜਪਾ ਵਿੱਚ ਜਾਣਾ ਕੇਜਰੀਵਾਲ ਤੇ ‘ਆਪ’ ਲਈ ਵੱਡਾ ਝਟਕਾ ਹੈ। ਇਹ ਝਟਕਾ ਹੋਰ ਵੱਡਾ ਇਸ ਲਈ ਹੋ ਸਕਦਾ ਹੈ ਕਿਉਂਕਿ ਦਿੱਲੀ ਵਿੱਚ ਆਉਂਦੀ 12 ਮਈ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ‘ਆਪ’ ਪੰਜਾਬ ਵਿੱਚ ਵੀ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਸੀ, ਜਦੋਂ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸ ਮਗਰੋਂ ਭਗਵੰਤ ਮਾਨ ਵੀ ਕਾਂਗਰਸ ‘ਤੇ ਉਨ੍ਹਾਂ ਦੇ ਵਿਧਾਇਕਾਂ ਨੂੰ 10 ਕਰੋੜ ਤੇ ਚੇਅਰਮੈਨੀਆਂ ਦੇ ਲਾਲਚ ਦੇ ‘ਆਪ’ ਛੁਡਵਾਉਣ ਦੇ ਦੋਸ਼ ਲਾਏ ਸਨ।