ਚੰਡੀਗੜ੍ਹ: ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੀ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਮੁੱਚਾ ਸਮਰਥਨ ਪ੍ਰਾਪਤ ਹੋਵੇਗਾ।
ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਵੱਲੋਂ ਪਿੱਛੇ ਹਟਣ ਦੇ ਫੈਸਲੇ ’ਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਤੇ ਨੌਜਵਾਨ ਆਗੂ ਹੀ ਇਸ ਦੀ ਅਗਵਾਈ ਕਰਨ ਦੇ ਅਨੁਕੂਲ ਹੈ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੇ ਬਿਆਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੇ ਮੁਖੀ ਵਾਸਤੇ ਬਹੁਤ ਵਧੀਆ ਹੋਣਗੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲਨ ਲਈ ਢੁਕਵੇਂ ਪਸੰਦੀਦਾ ਉਮੀਦਵਾਰ ਹੋਣਗੇ ਪਰ ਇਹ ਫੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ) ’ਤੇ ਨਿਰਭਰ ਕਰਦਾ ਹੈ ਜੋ ਇਸ ਮਾਮਲੇ ’ਤੇ ਫੈਸਲਾ ਲੈਣ ਲਈ ਅਧਿਕਾਰਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਾਫ਼ ਕੀਤਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਮੁਖੀ ਲਈ ਪੂਰੀ ਤਰ੍ਹਾਂ ਢੁੱਕਵੇਂ ਹਨ ਕਿਉਂਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਪਾਰਟੀ ਨੂੰ ਮੁੜ ਸੰਗਠਤ ਕਰਨ ਲਈ ਨੌਜਵਾਨ ਗਤੀਸ਼ੀਲ ਨੇਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਬੁੱਧੀਮਾਨ ਹੈ ਤੇ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਣ ਤੇ ਤੁਰੰਤ ਉਨਾਂ ਦਾ ਪ੍ਰਗਟਾਵਾ ਕਰਨ ਲਈ ਸਮਰੱਥ ਹੈ