punjab players reservation: ਪੰਜਾਬ ਸਰਕਾਰ ਦੇ ਵਲੋਂ ਪੰਜਾਬ ਦੇ ਖਿਡਾਰੀਆਂ ਨੂੰ ਹੁਣ ਸਰਕਾਰੀ ਨੌਕਰੀਆਂ ਵਿੱਚ 3 ਪ੍ਰਤੀਸ਼ਤ ਰਾਖਵਾਂਕਰਨ ਮਿਲੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰ ਦੀ ਮਰਜ਼ੀ ਦੇ ਅਨੁਸਾਰ ਨੌਕਰੀਆਂ ਮਿਲਦੀਆਂ ਸਨ, ਪਰ ਹੁਣ ਇਸ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਹੁਣ ਖਿਡਾਰੀ ਆਪਣੀ ਪਸੰਦ ਦੇ ਵਿਭਾਗ ਵਿੱਚ ਅਪਲਾਈ ਕਰ ਸਕਣਗੇ। ਰਾਜ ਦੇ ਖਿਡਾਰੀਆਂ ਨੂੰ ਹੁਣ ਰਾਜ ਦੇ ਹਰ ਸਰਕਾਰੀ ਵਿਭਾਗ ਵਿੱਚ 3 ਪ੍ਰਤੀਸ਼ਤ ਰਾਖਵਾਂਕਰਨ ਮਿਲੇਗਾ। ਰਾਖਵੀਂਆਂ ਸੀਟਾਂ ‘ਤੇ ਖਿਡਾਰੀਆਂ ਦਾ ਮੁਕਾਬਲਾ ਆਪਣੀ ਸ਼੍ਰੇਣੀ ਦੇ ਨਾਲ ਹੀ ਹੋਵੇਗਾ। ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਵਿੱਚ ਇਹ ਬਦਲਾਅ ਕੀਤਾ ਗਿਆ ਹੈ।
ਇਸ ਤੋਂ ਪਹਿਲਾ ਪੰਜਾਬ ਦੇ ਕਈਂ ਖਿਡਾਰੀ ਦੂਜੇ ਰਾਜਾਂ ਦੇ ਲਈ ਖੇਡਦੇ ਸਨ ਕਿਉਂਕਿ ਗੁਆਂਢੀ ਰਾਜਾਂ ਨਾਲੋਂ ਪੰਜਾਬ ਵਿੱਚ ਨੌਕਰੀਆਂ ਦੀ ਘਾਟ ਸੀ ਅਤੇ ਇਸ ਤੋਂ ਇਲਾਵਾਂ ਇਨਾਮੀ ਰਾਸ਼ੀ ਵੀ ਘੱਟ ਮਿਲਦੀ ਸੀ। ਪਿੱਛਲੇ ਸਾਲ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਨੂੰ ਦੁੱਗਣਾ ਕਰਨ ਅਤੇ ਉਨ੍ਹਾਂ ਲਈ ਸਾਰੇ ਵਿਭਾਗਾਂ ਵਿੱਚ ਤਿੰਨ ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਸੀ।
ਰਾਜ ਸਰਕਾਰ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ‘ਤੇ 2.5 ਕਰੋੜ ਰੁਪਏ ਅਤੇ ਇਕ ਸਰਕਾਰੀ ਨੌਕਰੀ, ਚਾਂਦੀ ਦਾ ਤਗਮਾ ਜਿੱਤਣ’ ਤੇ 2 ਕਰੋੜ ਅਤੇ ਕਾਂਸੀ ਦਾ ਤਗਮਾ ਜਿੱਤਣ ‘ਤੇ 1.5 ਕਰੋੜ ਰੁਪਏ ਦਾ ਇਨਾਮ ਦੇਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਏਸ਼ੀਅਨ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਲਈ ਇਕ ਕਰੋੜ ਦੀ ਇਨਾਮੀ ਰਾਸ਼ੀ, ਚਾਂਦੀ ਦਾ ਤਗਮਾ ਜਿੱਤਣ ਲਈ 75 ਲੱਖ ਅਤੇ ਕਾਂਸੀ ਦੇ ਤਗਮੇ ਲਈ 50 ਲੱਖ ਰੁਪਏ ਦੇਵੇਗੀ। ਲੰਬੇ ਸਮੇਂ ਤੋਂ ਖੇਡ ਜਗਤ ਵਿੱਚ ਇਸ ਦੀ ਮੰਗ ਸੀ ਕਿ ਪੰਜਾਬ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਗੁਆਂਢੀ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ।