Senior National Wrestling Championship: ਤਿੰਨ ਦਿਨਾਂ ਟਾਟਾ ਮੋਟਰਜ਼ ਸੀਨੀਅਰ ਕੌਮੀ ਚੈਂਪੀਅਨਸ਼ਿਪ ਐਤਵਾਰ ਨੂੰ ਸਮਾਪਤ ਹੋ ਗਈ ਹੈ । ਇਸ ਚੈਂਪੀਅਨਸ਼ਿਪ ਵਿੱਚ ਅਖੀਰਲੇ ਦਿਨ ਗ੍ਰੀਕੋ ਰੋਮਨ ਸਟਾਈਲ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੀ ਸਾਖ ਬਚਾ ਲਈ । ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਪਹਿਲਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸਦੇ ਚਲਦਿਆਂ ਪੰਜਾਬ ਦੇ ਪਹਿਲਵਾਨਾਂ ਨੇ 2 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ ।
ਦੱਸ ਦੇਈਏ ਕਿ ਗ੍ਰੀਕੋ ਰੋਮਨ ਸਟਾਈਲ ਵਿੱਚ ਪੰਜਾਬ ਦੀ ਟੀਮ ਵਿੱਚ ਮਨੋਹਰ ਸਿੰਘ, ਆਕਾਸ਼, ਹਰਪ੍ਰੀਤ ਸਿੰਘ, ਪ੍ਰਭਪਾਲ ਸਿੰਘ, ਮਨਦੀਪ ਸਿੰਘ,ਹਨੀਪਾਲ, ਯੰਗਦੀਪ ਸਿੰਘ, ਅਦਿਤਿਆ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ ਸ਼ਾਮਿਲ ਸਨ । ਜਿਨ੍ਹਾਂ ਵਿੱਚੋਂ ਗੁਰਪ੍ਰੀਤ ਤੇ ਹਰਪ੍ਰੀਤ ਨੇ ਸੋਨ ਤਮਗੇ ਅਤੇ ਮਨਵੀਰ ਸਿੰਘ ਤੇ ਪ੍ਰਭਪਾਲ ਸਿੰਘ ਨੇ ਕਾਂਸੀ ਦੇ ਤਮਗੇ ਹਾਸਿਲ ਕੀਤੇ ।
ਉੱਥੇ ਹੀ ਦੂਜੇ ਪਾਸੇ ਫ੍ਰੀ ਸਟਾਈਲ ਮਰਦ ਤੇ ਮਹਿਲਾ ਵਰਗ ਦੇ ਮੁਕਬਲਾਂ ਵਿੱਚ ਪਹਿਲਵਾਨਾਂ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ । ਇਨ੍ਹਾਂ ਮੁਕਾਬਲਿਆਂ ਵਿੱਚ ਮਹਿਲਾ ਵਰਗ ਟੀਮ ਨੇ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ , ਜਦਕਿ ਮਰਦ ਵਰਗ ਨੇ ਸਿਰਫ ਇੱਕ ਸੋਨ ਤਮਗਾ ਹਾਸਿਲ ਕੀਤਾ ।
ਇਸ ਸਬੰਧੀ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਗ੍ਰੀਕੋ ਰੋਮਨ ਕੁਸ਼ਤੀ ਸਟਾਈਲ ਮੁਕਾਬਲੇ ਵਿੱਚ ਪੰਜਾਬ ਦੇ ਪਹਿਲਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਵਧੀਆ ਪ੍ਰਦਰਸ਼ਨ ਦੇ ਤਹਿਤ ਪਹਿਲਵਾਨਾਂ ਨੇ ਦੋ ਸੋਨ ਅਤੇ ਦੋ ਕਾਂਸੀ ਤਮਗੇ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ ।