ਪੇਂਡੂ ਵਿਕਾਸ ਮੰਤਰੀ ਬਾਜਵਾ ਨੇ ਡਾਇਰੈਕਟਰੀ ਕੀਤੀ ਰਿਲੀਜ਼
-ਸੰਪਾਦਕ ਗੋਰਾ ਸੰਧੂ ਦੇ ਕਾਰਜ ਦੀ ਕੀਤੀ ਸਭ ਨੇ ਸ਼ਲਾਘਾ
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਧੂ ਖ਼ੁਰਦ ਦੇ ਜੰਮਪਲ ਗੋਰਾ ਸੰਧੂ ਨਾਂ ਦੇ ਇੱਕ ਸਮਾਜ ਸੇਵੀ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਪੰਜਾਬ ਦੇ ਸਰਪੰਚਾਂ ਬਾਰੇ ‘ਮਾਲਵਾ ਸਰਪੰਚ ਡਾਇਰੈਕਟਰੀ’ ਨਾਂ ਦੀ ਇੱਕ ਡਾਇਰੈਕਟਰੀ ਛਾਪ ਕੇ ਸਰਪੰਚਾਂ ਬਾਰੇ ਸਮਾਜ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਅਜੇ 7 ਜਿਲ੍ਹਿਆਂ ਦੇ ਸਰਪੰਚਾਂ ਦੇ ਨਾਮ, ਪਿਤਾ ਦੇ ਨਾਮ, ਫ਼ੋਨ ਨੰਬਰ ਅਤੇ ਉਨ੍ਹਾਂ ਦੀ ਫੋਟੋ ਦਰਸਾਈ ਗਈ ਹੈ ਜਿਸ ਅਧੀਨ ਅਜੇ ਸੰਗਰੂਰ, ਫਰੀਦਕੋਟ, ਬਠਿੰਡਾ, ਬਰਨਾਲਾ, ਮੁਕਤਸਰ, ਮੋਗਾ ਅਤੇ ਮਾਨਸਾ ਜ਼ਿਲ੍ਹੇ ਲਿਆਂਦੇ ਗਏ ਹਨ ਜਦੋਂ ਕਿ ਬਾਕੀ ਰਹਿੰਦੇ ਜਿਲ੍ਹਿਆਂ ਬਾਰੇ ਵੀ ਜਲਦੀ ਹੀ ਇਸੇ ਤਰਾਂ ਦਾ ਦੂਜਾ ਪੜਾ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਹਲਿਕਆਂ ਅਤੇ ਪੁਲਿਸ ਥਾਣਿਆਂ ਬਾਰੇ ਪੂਰਾ ਪਤੇ ਸਮੇਤ ਉਨ੍ਹਾਂ ਦੇ ਫ਼ੋਨ ਨੰਬਰਾਂ ਦਾ ਵੀ ਵੇਰਵਾ ਦਿੱਤਾ ਗਿਆ ਹੈ। ਇਹ ਡਾਇਰੈਕਟਰੀ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤੀ। ਇਸ ਮੌਕੇ ਮੰਤਰੀ ਨੇ ਡਾਇਰੈਕਟਰੀ ਲੋਕ ਅਰਪਣ ਕਰਨ ਉਪਰੰਤ ਕਿਹਾ ਕਿ ਇਹ ਡਾਇਰੈਕਟਰੀ ਪੇਂਡੂ ਵਿਕਾਸ ਵਿਭਾਗ ਵੱਲੋਂ ਵਿਭਾਗ ਦੀ ਵੈਬਸਾਈਟ ‘ਤੇ ਵੀ ਉਪਲੱਬਧ ਕਰਵਾਉਣ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਮੰਤਰੀ ਨੇ ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਨੂੰ ਇਸ ਕਾਰਜ ਸੰਬੰਧੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਾਰਜ ਪੰਚਾਇਤਾਂ ਦੇ ਆਪਸੀ ਤਾਲਮੇਲ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ। ਇਸ ਮੌਕੇ ਡਾਇਰੈਕਟਰੀ ਲੋਕ ਅਰਪਣ ਸਮਾਗਮ ਸਮੇਂ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਹਰਾ, ਸ੍ਰੀ ਨੱਥੂ ਰਾਮ, ਦਰਸ਼ਨ ਲਾਲ ਨੰਗੂਪੁਰ (ਸਾਰੇ ਵਿਧਾਇਕ), ਪੇਂਡੂ ਵਿਕਾਸ ਵਿਭਾਗ ਦੀ ਮੁੱਖ ਸਕੱਤਰ ਸ੍ਰੀਮਤੀ ਸੀਮਾਂ ਜੈਨ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀਮਤੀ ਤੈਨੂੰ ਕਸ਼ਿਆਪ ਮੌਜੂਦ ਸਨ ਜਿਨ੍ਹਾਂ ਨੇ ਗੋਰਾ ਸੰਧੂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਉਸ ਨੂੰ ਵਧਾਈ ਦਿੱਤੀ ਅਤੇ ਰਹਿੰਦੇ ਕੰਮ ਨੂੰ ਪੂਰਾ ਕਰਨ ਲਈ ਹੌਸਲਾ ਦਿੱਤਾ। ਡਾਇਰੈਕਟਰੀ ਬਾਰੇ ਜਾਣਕਾਰੀ ਲਈ ਗੋਰਾ ਸੰਧੂ ਦਾ +91-97007-50000 ਸੰਪਰਕ ਨੰਬਰ ਹੈ।