ਨਵੀਂ ਦਿੱਲੀ: ਘੱਗਰ ਦਰਿਆ ਕਾਰਨ ਹਰ ਸਾਲ ਹੁੰਦੇ ਨੁਕਸਾਨ ਨੂੰ ਬੰਦ ਕਰਨ ਲਈ ਪੰਜਾਬ ਦੇ ਪੰਜ ਸੰਸਦ ਮੈਂਬਰਾਂ ਨੇ ਕੇਂਦਰ ਤਕ ਪਹੁੰਚ ਕੀਤੀ ਹੈ। ਪੰਜ ਐਮਪੀਜ਼ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ।ਉਨ੍ਹਾਂ ਘੱਗਰ ਦਰਿਆ ਦਾ ਰਸਤਾ ਸਾਫ ਕਰਨ ਭਾਵ ਚੈਨਲਾਈਜ਼ੇਸ਼ਨ ਕਰਨ ਦੀ ਮੰਗ ਚੁੱਕੀ। ਸੰਸਦ ਮੈਂਬਰਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਮਾਮਲੇ ਵਿੱਚ ਹਰਿਆਣਾ ਤੇ ਪੰਜਾਬ ਲਈ ਸਹੀ ਹੱਲ ਲੱਭਣ ਦੀ ਮੰਗ ਕੀਤੀ ਹੈ। ਪਰਨੀਤ ਕੌਰ ਨੇ ਕਿਹਾ ਕਿ ਹੁਣ ਫਿਰ ਤੋਂ ਮੀਂਹ ਦਾ ਅਲਰਟ ਹੈ ਤੇ ਇਸ ਦਾ ਹੱਲ ਛੇਤੀ ਹੀ ਕਰਨਾ ਹੋਵੇਗਾ ਨਹੀਂ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਦੇ ਕਈ ਪਿੰਡ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਛੇਤੀ ਹੀ ਇਸ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੰਤੋਖ ਚੌਧਰੀ, ਗੁਰਜੀਤ ਔਜਲਾ, ਰਵਨੀਤ ਬਿੱਟੂ ਤੇ ਡਾ. ਅਮਰ ਸਿੰਘ ਮੌਜੂਦ ਰਹੇ।