ਨਵੀਂ ਦਿੱਲੀ, 29 ਅਗਸਤ
ਹਰਿਆਣਾ ਵਿਧਾਨ ਸਭਾ ਦੀਆਂ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਵਾਸਤੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਸਿਖਰਲੇ ਆਗੂਆਂ ਵੱਲੋਂ ਇਥੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਮੀਟਿੰਗ ਦੀ ਅਗਵਾਈ ਨੱਢਾ ਅਤੇ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਬੀਐੱਲ ਸੰਤੋਸ਼ ਵੱਲੋਂ ਕੀਤੀ ਜਾ ਰਹੀ ਹੈ। ਇਸ ਵਿਚ ਪਾਰਟੀ ਦੀ ਹਰਿਆਣਾ ਸਬੰਧੀ ਕੋਰ ਕਮੇਟੀ ਦੇ ਮੈਂਬਰਾਂ, ਸੂਬੇ ਲਈ ਚੋਣ ਇੰਚਾਰਜਾਂ ਧਰਮੇਂਦਰ ਪ੍ਰਧਾਨ ਤੇ ਬਿਪਲਵ ਦੇਵ, ਪਾਰਟੀ ਦੇ ਹਰਿਆਣਾ ਇੰਚਾਰਜ ਸਤੀਸ਼ ਪੂਨੀਆ, ਕੋ-ਇੰਚਾਰਜ ਸੁਰੇਂਦਰ ਨਾਗਰ, ਸਾਬਕਾ ਮੁੱਖ ਮੰਤਰੀ ਐੱਮਐੱਲ ਖੱਟਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੂਬਾਈ ਪ੍ਰਧਾਨ ਸ਼ਿਰਕਤ ਕਰ ਰਹੇ ਹਨ।
ਸਵੇਰੇ 10.30 ਵਜੇ ਸ਼ੁਰੂ ਹੋਈ ਮੀਟਿੰਗ ਦੇ ਲੰਬੀ ਚੱਲਣ ਦੇ ਆਸਾਰ ਹਨ, ਜਿਸ ਵਿਚ ਉਮੀਦਵਾਰਾਂ ਦੇ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਤਾਂ ਕਿ ਇਸ ਸੋਧੀ ਹੋਈ ਸੂਚੀ ਨੂੰ ਅੰਤਿਮ ਪ੍ਰਵਾਨਗੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰੀ ਚੋਣ ਕਮੇਟੀ ਅੱਗੇ ਰੱਖਿਆ ਜਾ ਸਕੇ।
ਸਮਝਿਆ ਜਾਂਦਾ ਹੈ ਕਿ ਪਾਰਟੀ ਐੱਮਪੀ ਕੰਗਨਾ ਰਣੌਤ ਵੱਲੋਂ ਕੀਤੀਆਂ ਗਈਆਂ ਕਿਸਾਨ ਵਿਰੋਧੀ ਟਿੱਪਣੀਆਂ ਦੇ ਚੋਣਾਂ ਵਿਚ ਪਾਰਟੀ ਦੀਆਂ ਸੰਭਾਵਨਾਵਾਂ ਉਤੇ ਪੈਣ ਵਾਲੇ ਅਸਰ ਨੂੰ ਵੀ ਮੀਟਿੰਗ ਵਿਚ ਵਿਚਾਰਿਆ ਗਿਆ।
ਭਾਜਪਾ ਸੂਬੇ ’ਚ ਦਬਦਬਾ ਰੱਖਦੇ ਜਾਟ ਭਾਈਚਾਰੇ ਤੇ ਨਾਲ ਹੀ ਦਲਿਤਾਂ ਨੂੰ ਵੀ ਇਨ੍ਹਾਂ ਚੋਣਾਂ ’ਚ ਆਪਣੇ ਵੱਲ ਖਿੱਚਣ ਦੀ ਮਜ਼ਬੂਤ ਰਣਨੀਤੀ ਉਲੀਕਣ ਦੀ ਕੋਸ਼ਿਸ਼ ਵਿਚ ਹੈ, ਜਦੋਂਕਿ ਇਸ ਵੇਲੇ ਇਹ ਦੋਵੇਂ ਭਾਈਚਾਰੇ ਕਾਂਗਰਸ ਵੱਲ ਜਾਂਦੇ ਜਾਪ ਰਹੇ ਹਨ।
ਸੂਬੇ ਵਿਚ ਹੋਏ ਦੋ ਹਾਲੀਆ ਗੱਠਜੋੜ — ਇਨੈਲੋ ਤੇ ਬਹੁਜਨ ਸਮਾਜ ਪਾਰਟੀ ਅਤੇ ਜੇਜੇਪੀ ਤੇ ਆਜ਼ਾਦ ਸਮਾਜ ਪਾਰਟੀ ਵੀ ਜਾਟ-ਦਲਿਤ ਵੋਟਾਂ ਵਿਚ ਸੰਨ੍ਹ ਲਾਉਣਗੇ, ਜਿਸ ਦਾ ਫ਼ਾਇਦਾ ਸੰਭਵ ਤੌਰ ’ਤੇ ਭਾਜਪਾ ਨੂੰ ਹੋ ਸਕਦਾ ਹੈ। ਭਾਜਪਾ ਇਨ੍ਹਾਂ ਚੋਣਾਂ ’ਚ ਸੂਬੇ ਵਿਚ ਲਗਾਤਾਰ ਤੀਜੀ ਮਿਆਦ ਲਈ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ।