ਖੰਨਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਦੇ ਪ੍ਰਚਾਰ ਲਈ ਖੰਨਾ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ ਨੇ 1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਵਿਵਾਦਤ ਬਿਆਨ ਬਾਰੇ ਕਿਹਾ ਕਿ ਸੈਮ ਦੀ ਟਿੱਪਣੀ ਗਲਤ ਸੀ। ਪਿਤ੍ਰੋਦਾ ਨੂੰ ਅਜਿਹੀ ਟਿੱਪਣੀ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਸ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿਤ੍ਰੋਦਾ ਨੂੰ ਫੋਨ ਕਰਕੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ ਅਮੀਰਾਂ ਨੂੰ ਫਾਇਦਾ ਪਹੁੰਚਾਇਆ ਹੈ। ਗ਼ਰੀਬਾਂ ਲਈ ਕੁਝ ਨਹੀਂ ਕੀਤਾ। ਮੋਦੀ ਦਾ ਗ਼ਰੀਬਾਂ ਦੇ ਖ਼ਾਤੇ ਵਿੱਚ 15-15 ਲੱਖ ਰੁਪਏ ਭੇਜਣ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ ਹੈ। ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਜੇ ਕਾਲੇ ਧਨ ਖਿਲਾਫ ਲੜਾਈ ਸੀ ਤਾਂ ਗਰੀਬ ਲੋਕ ਲਾਈਨਾਂ ਵਿੱਚ ਖੜ੍ਹੇ ਕਿਉਂ ਦਿਖਾਈ ਦਿੱਤੇ
ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ਗ਼ਰੀਬੀ ਦੇ ਪੱਧਰ ਤੋਂ ਉੱਚਾ ਚੁੱਕਣ ਲਈ ਉਨ੍ਹਾਂ ਅਰਥਸ਼ਾਸਤਰੀ ਬੁਲਾਏ ਤੇ ਨਿਆਂ ਸਕੀਮ ਬਣਾਈ। ਉਨ੍ਹਾਂ ਕਿਹਾ ਕਿ ਮੋਦੀ ਨੇ ਲੱਖਾਂ ਕਰੋੜ ਰੁਪਏ ਅਡਾਨੀ ਤੇ ਅੰਬਾਨੀ ਵਰਗੇ ਕਾਰੋਬਾਰੀਆਂ ਨੂੰ ਦੇ ਦਿੱਤੇ ਪਰ ਕਾਂਗਰਸ ਸਰਕਾਰ ਗਰੀਬਾਂ ਦੇ ਖ਼ਾਤਿਆਂ ਵਿੱਚ ਪੈਸੇ ਪਾਏਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ 5 ਕਰੋੜ ਮਹਿਲਾਵਾਂ ਦੇ ਖ਼ਾਤੇ ਵਿੱਚ ਨਿਆਂ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਪਾਏ ਜਾਣਗੇ।
ਰਾਹੁਲ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਹੈ। ਜਿੱਥੇ ਵੀ ਕਾਂਗਰਸ ਸਰਕਾਰ ਬਣੀ, ਉੱਥੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਹੈ। ਜੋ ਵਾਅਦਾ ਕੀਤਾ, ਉਸ ਨੂੰ ਪੂਰਾ ਕੀਤਾ ਗਿਆ ਪਰ ਮੋਦੀ ਨੇ ਤਾਂ ਫਸਲਾਂ ਦਾ ਸਹੀ ਮੁੱਲ ਵੀ ਨਾ ਪਾਇਆ।