India weather: ਬੇਮੌਸਮੀ ਬਾਰਿਸ਼ ਹੁਣ ਮੁਸੀਬਤ ਦਾ ਸਬੱਬ ਬਣਦੀ ਜਾ ਰਹੀ ਹੈ । ਜਿਸ ਕਾਰਨ ਹੁਣ ਕੜਾਕੇ ਦੀ ਠੰਡ ਪੈਣ ਦੇ ਆਸਾਰ ਹਨ । ਉੱਤਰ ਭਾਰਤ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਠੰਢੀਆਂ ਹਵਾਵਾਂ ਚੱਲਣ ਲੱਗੀਆਂ ਹਨ । ਇਸੇ ਸਬੰਧ ਵਿੱਚ ਮੌਸਮ ਵਿਭਾਗ ਵੱਲੋਂ 18 ਦਸੰਬਰ ਤੱਕ ਦੇਸ਼ ਦੇ 15 ਤੋਂ ਜ਼ਿਆਦਾ ਰਾਜਾਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ।
ਮੌਸਮ ਵਿਭਾਗ ਅਨੁਸਾਰ 18 ਦਸੰਬਰ ਤੋਂ ਹਿਮਾਲੀ ਇਲਾਕਿਆਂ ਨੇੜੇ ਨਵੀਆਂ ਗੜਬੜੀ ਵਾਲੀਆਂ ਪੌਣਾਂ ਪੱਛਮ ਤੋਂ ਆ ਸਕਦੀਆਂ ਹਨ । ਜਿਸ ਕਾਰਨ ਉੱਤਰ ਦੇ ਪਰਬਤੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਬਾਰਿਸ਼ ਪੈ ਸਕਦੀ ਹੈ । ਜਿਸਦੇ ਚੱਲਦਿਆਂ ਉੱਤਰ ਭਾਰਤ ਵਿੱਚ ਪੰਜਾਬ ਤੇ ਹਰਿਆਣਾ ਦੇ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ,ਲੁਧਿਆਣਾ, ਅੰਬਾਲਾ, ਪੰਚਕੂਲਾ, ਜੀਂਦ, ਰੋਹਤਕ ਸਮੇਤ ਦਿੱਲੀ ਤੇ ਯੂਪੀ ਵਿੱਚ ਮੇਰਠ ਆਦਿ ਸ਼ਹਿਰਾਂ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ।
ਇਸ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ, ਸਿਰਸਾ, ਹਿਸਾਰ, ਭਿਵਾਨੀ, ਸੀਕਰ, ਚੁਰੂ, ਬੀਕਾਨੇਰ, ਜੈਪੁਰ, ਅਲਵਰ ਵਿੱਚ ਵੀ ਬਾਰਿਸ਼ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਸ੍ਰੀਨਗਰ, ਸ਼ਿਮਲਾ, ਕੁੱਲੂ, ਮਸੂਰੀ, ਨੈਨੀਤਾਲ ਆਦਿ ਥਾਵਾਂ ਠੰਢੀਆਂ ਹਵਾਵਾਂ ਦੀ ਲਪੇਟ ਵਿੱਚ ਹਨ । ਇਨ੍ਹਾਂ ਸਰਦ ਹਵਾਵਾਂ ਦੇ ਚੱਲਦਿਆਂ ਪੱਛਮੀ ਬੰਗਾਲ ਵਿੱਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੌਸਮ ਵਿਗੜ ਸਕਦਾ ਹੈ ।
ਉਥੇ ਹੀ ਦੂਜੇ ਪਾਸੇ ਬਾਰਿਸ਼ ਤੋਂ ਇਲਾਵਾ ਕਈ ਰਾਜਾਂ ਵਿੱਚ ਸੰਘਣੀ ਧੁੰਦ ਵੀ ਪੈ ਸਕਦੀ ਹੈ । ਇਨ੍ਹਾਂ ਰਾਜਾਂ ਵਿੱਚ ਉੱਤਰਾਖੰਡ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦਾ ਉੱਤਰੀ ਹਿੱਸਾ ਸ਼ਾਮਿਲ ਹੈ । ਦੱਸ ਦੇਈਏ ਕਿ ਰਾਜਸਥਾਨ ਦਾ ਸੀਕਰ ਜ਼ਿਲ੍ਹਾ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਠੰਢਾ ਸ਼ਹਿਰ ਹੈ, ਜਿਸ ਦਾ ਰਾਤ ਵੇਲੇ ਦਾ ਤਾਪਮਾਨ 4.0 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ।