ਨਵੀਂ ਦਿੱਲੀ-ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਲਈ ਦਰਸ਼ਕਾਂ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਦੀ ਰਿਲੀਜ਼ ਇਕ ਵਾਰ ਮੁੜ ਪੱਛੜ ਗਈ ਹੈ। ਅਦਾਕਾਰ ਮੁਤਾਬਕ ਫ਼ਿਲਮ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ l ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫ਼ਿਲਮ ਪਹਿਲਾਂ ਭਾਰਤ ਨੂੰ ਛੱਡ ਕੇ ਕੁੱਲ ਆਲਮ ਵਿਚ ਬਿਨਾਂ ਕਿਸੇ ਕੱਟਾਂ ਦੇ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਖਾਤੇ ਉੱਤੇ ਫ਼ਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੋਸਾਂਝ ਨੇ ਲਿਖਿਆ, ‘‘ਸਾਨੂੰ ਅਫ਼ਸੋਸ ਹੈ ਤੇ ਇਹ ਦੱਸਦਿਆਂ ਬਹੁਤ ਦੁਖ ਹੋ ਰਿਹਾ ਹੈ ਕਿ ਸਾਡੇ ਵੱਸੋਂ ਬਾਹਰੇ ਹਾਲਾਤ ਕਰਕੇ ਫ਼ਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।’’
ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ ਫ਼ਿਲਮ ਦਾ ਨਿਰਮਾਣ ਰੌਨੀ ਸਕਰੂਵਾਲਾ ਦੀ ਆਰਐੱਸਵੀਪੀ ਮੂਵੀਜ਼ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਦੇ ਲਾਪਤਾ ਹੋਣ ਬਾਰੇ ਖਾਲੜਾ ਦੀ ਜਾਂਚ ਨੂੰ ਉਜਾਗਰ ਕਰਦੀ ਹੈ। ਖਾਲੜਾ ਨੂੰ 1995 ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਫ਼ਿਲਮ ਦਾ ਸਾਲ 2023 ਵਿਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਵਰਲਡ ਪ੍ਰੀਮੀਅਰ ਰੱਖਿਆ ਗਿਆ ਸੀ, ਪਰ ਮਗਰੋਂ ਪ੍ਰਬੰਧਕਾਂ ਨੇ ਬਿਨਾਂ ਕਿਸੇ ਅਧਿਕਾਰਤ ਬਿਆਨ ਦੇ ਇਸ ਨੂੰ ਰਿਲੀਜ਼ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ’ਚੋਂ ਬਾਹਰ ਕੱਢ ਦਿੱਤਾ। ਫ਼ਿਲਮ ਵਿਚ ਅਰਜੁਨ ਰਾਮਪਾਲ ਤੋਂ ਇਲਾਵਾ ਵੈੱਬ ਸੀਰੀਜ਼ ‘ਕੋਹਰਾ’ ਫੇਮ ਸੁਵੀਰ ਵਿੱਕੀ ਦੀਆਂ ਅਹਿਮ ਭੂਮਿਕਾਵਾਂ ਹਨ।