ਸਿਰਸਾ ਦੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਫ਼ੈਸਲਾ ਆਉਂਦੀ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਅਦਾਲਤ ਵੱਲੋਂ ਸੁਣਾਇਆ ਜਾਵੇਗਾ। ਇਹ ਫ਼ੈਸਲਾ ਅਦਾਲਤ ਦੇ ਉਸੇ ਜੱਜ ਜਗਦੀਪ ਸਿੰਘ ਹੁਰਾਂ ਵੱਲੋਂ ਸੁਣਾਇਆ ਜਾਵੇਗਾ, ਜਿਨ੍ਹਾਂ 25 ਅਗਸਤ, 2017 ਨੂੰ ਡੇਰਾ ਮੁਖੀ ਨੂੰ 20 ਵਰ੍ਹਿਆਂ ਲਈ ਜੇਲ੍ਹ ਭੇਜਿਆ ਸੀ।
ਡੇਰਾ ਮੁਖੀ ਤਦ ਤੋਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ। ਆਉਂਦੀ 11 ਜਨਵਰੀ ਨੂੰ ਭਾਵ ਫ਼ੈਸਲੇ ਵਾਲੇ ਦਿਨ ਡੇਰਾ ਮੁਖੀ ਨੂੰ ਅਦਾਲਤ `ਚ ਮੌਜੂਦ ਰਹਿਣ ਦੇ ਹੁਕਮ ਵੀ ਦਿੱਤੇ ਗਏ ਹਨ।
ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਸਿਰਸਾ ਤੋਂ ਇੱਕ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ` ਛਾਪਦੇ ਹੁੰਦੇ ਸਨ। ਜਦੋਂ ਉਨ੍ਹਾਂ ਇੱਕ ਅਣਪਛਾਤੀ ਪੀੜਤ ਕੁੜੀ ਦੀ ਚਿੱਠੀ ਛਾਪੀ ਸੀ, ਉਸ ਦੇ ਹੀ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਚਿੱਠੀ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਡੇਰਾ ਮੁਖੀ ਕਿਵੇਂ ਕਥਿਤ ਤੌਰ `ਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
ਹੁਣ ਉਸ ਮਰਹੂਮ ਪੱਤਰਕਾਰ ਦਾ ਪੁੱਤਰ ਅੰਸ਼ੁਲ ਛਤਰਪਤੀ ਇਨਸਾਫ਼ ਲਈ ਪੂਰਾ ਤਾਣ ਲਾ ਰਿਹਾ ਹੈ।
ਅੱਜ ਇਸ ਮਾਮਲੇ ਦੀਆਂ ਅੰਤਿਮ ਦਲੀਲਾਂ ਤੇ ਬਹਿਸਾਂ ਖ਼ਤਮ ਹੋ ਗਈਆਂ ਹਨ ਤੇ ਆਉਂਦੀ 11 ਜਨਵਰੀ, 2019 ਨੂੰ ਡੇਰਾ ਮੁਖੀ ਵਿਰੁੱਧ ਫ਼ੈਸਲਾ ਸੁਣਾ ਦਿੱਤਾ ਜਾਵੇਗਾ।