ਨਵੀਂ ਦਿੱਲੀ- ਇਸ ਸਾਲ ਫਰਵਰੀ ਵਿਚ ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ ਮਾਮੂਲੀ ਵਾਧੇ ਨਾਲ 2.38 ਫੀਸਦ ਹੋ ਗਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ ਵਿਚ ਥੋਕ ਕੀਮਤ ਸੂਚਕ ਅੰਕ (WPI) ਅਧਾਰਿਤ ਮਹਿੰਗਾਈ 2.31 ਫੀਸਦ ਸੀ। ਸਬਜ਼ੀ, ਤੇਲ ਤੇ ਪੀਣਯੋਗ ਜਿਹੀਆਂ ਖੁਰਾਕੀ ਵਸਤਾਂ ਮਹਿੰਗੀਆਂ ਹੋਣ ਕਰਕੇ ਫਰਵਰੀ 2025 ਵਿਚ ਮਹਿੰਗਾਈ ਵਧੀ। ਇਕ ਸਾਲ ਪਹਿਲਾਂ ਫਰਵਰੀ 2024 ਵਿਚ ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ 0.2 ਫੀਸਦ ਸੀ।
ਵਣਜ ਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਫਰਵਰੀ 20215 ਵਿਚ ਮਹਿੰਗਾਈ ਦਰ ਵਿਚ ਵਾਧਾ ਮੁੱਖ ਤੌਰ ’ਤੇ ਖੁਰਾਕੀ ਵਸਤਾਂ, ਹੋਰਨਾਂ ਉਤਪਾਦਿਤ ਵਸਤਾਂ, ਗ਼ੈਰ ਖੁਰਾਕੀ ਵਸਤਾਂ ਤੇ ਕੱਪੜਾ ਆਦਿ ਦੀਆਂ ਕੀਮਤਾਂ ’ਚ ਵਾਧੇ ਕਰਕੇ ਹੈ। ਅੰਕੜਿਆਂ ਅਨੁਸਾਰ, ਮਹੀਨੇ ਦੌਰਾਨ ਨਿਰਮਿਤ ਖੁਰਾਕ ਉਤਪਾਦਾਂ ਵਿੱਚ ਮਹਿੰਗਾਈ 11.06 ਫੀਸਦ, ਬਨਸਪਤੀ ਤੇਲ ਵਿੱਚ 33.59 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦੋਂ ਕਿ ਪੀਣ ਵਾਲੇ ਪਦਾਰਥਾਂ ਵਿੱਚ ਮਹਿੰਗਾਈ ਮਾਮੂਲੀ ਵਧ ਕੇ 1.66 ਫੀਸਦ ਹੋ ਗਈ। ਹਾਲਾਂਕਿ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਅਤੇ ਆਲੂ ਦੀ ਮਹਿੰਗਾਈ 74.28 ਪ੍ਰਤੀਸ਼ਤ ਤੋਂ ਘੱਟ ਕੇ 27.54 ਫੀਸਦ ਹੋ ਗਈ। ਫਰਵਰੀ ਵਿੱਚ ਬਾਲਣ ਅਤੇ ਬਿਜਲੀ ਸ਼੍ਰੇਣੀ ਵਿੱਚ 0.71 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਪਿਛਲੇ ਮਹੀਨੇ ਇਸ ਵਿੱਚ 2.78 ਫੀਸਦ ਦੀ ਗਿਰਾਵਟ ਆਈ ਸੀ।