ਪੈਰਿਸ: ਫਰਾਂਸ ਦੀ ਪੁਲਿਸ ਨੇ ਸਕੂਲ ਦੇ ਨਜ਼ਦੀਕ ਇੱਕ ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਕਤਲ ਇੱਕ 18 ਸਾਲਾ ਨੌਜਵਾਨ ਨੇ ਕੀਤਾ ਸੀ, ਜਿਸ ਨੂੰ ਫਿਰ ਪੈਰਿਸ ਦੇ ਉੱਤਰ ਪੱਛਮ ਵਿਚ ਕਲੇਫਲੇਂਸ-ਸੇਂਟੇ-ਆਨੋਰਿਨ ਵਿਚ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਦੱਸ ਦੇਈਏ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਘਟਨਾ ਨੂੰ ਇਸਲਾਮਿਕ ਅੱਤਵਾਦੀ ਹਮਲਾ ਕਿਹਾ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ 47 ਸਾਲਾ ਇਤਿਹਾਸ ਦੇ ਅਧਿਆਪਕ ਸੈਮੂਅਲ ਪਟੀ ਸੀ, ਜਿਸ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇ ‘ਤੇ ਵਿਚਾਰ ਵਟਾਂਦਰੇ ਦੌਰਾਨ ਪੈਗੰਬਰ ਮੁਹੰਮਦ ਦੇ ਕੁਝ ਕਾਰਟੂਨ ਦਿਖਾਏ। ਇਸ ਤੋਂ ਬਾਅਦ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਆਪਕ ਨੂੰ ਸ਼ਿਕਾਇਤ ਕੀਤੀ। ਸ਼ੱਕੀ ਦੇ ਦੋ ਭਰਾ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੂੰ ਪਹਿਲਾਂ ਪੁੱਛਗਿੱਛ ਲਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਨਿਆਇਕ ਸੂਤਰ ਨੇ ਸ਼ਨੀਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਸਕੂਲ ਵਿੱਚ ਪੰਜ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਬੱਚੇ ਦੇ ਮਾਪੇ ਅਤੇ ਸ਼ੱਕੀ ਦੇ ਦੋਸਤ ਵੀ ਸ਼ਾਮਲ ਹਨ। ਸਰੋਤ ਮੁਤਾਬਕ, ਮਾਪਿਆਂ ਨੇ ਅਧਿਆਪਕ ਦੇ ਕਾਰਟੂਨ ਦਿਖਾਉਣ ਦੇ ਫੈਸਲੇ ‘ਤੇ ਅਸਹਿਮਤੀ ਜਤਾਈ ਸੀ।