ਫਰਾਂਸ ਦੀ ਰਾਜਧਾਨੀ ਪੈਰਿਸ ਦੇ ਉਪ-ਨਗਰੀ ਇਲਾਕੇ ’ਚ ਤਿੰਨ ਪੁਲਿਸ ਅਫ਼ਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਘਰੇਲੂ ਹਿੰਸਾ ਦੀ ਇਕ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਆਪਣੀ ਪਤਨੀ ਨਾਲ ਘਰੇਲੂ ਹਿੰਸਾ ਕਰਨ ਵਾਲੇ ਨੇ ਹੀ ਬੰਦੂਕ ਨਾਲ ਪੁਲਿਸ ’ਤੇ ਗੋਲੀਆਂ ਵਰ੍ਹਾਈਆਂ।
ਇਕ ਪੁਲਿਸ ਅਫਸਰ ਗੰਭੀਰ ਜ਼ਖ਼ਮੀ ਹੋਇਆ ਹੈ। ਇਹ ਘਟਨਾ ਦੱਖਣੀ-ਪੂਰਬੀ ਪੈਰਿਸ ਸੇਂਟ ਜਸਟ ’ਚ ਹੋਈ। ਘਰੇਲੂ ਹਿੰਸਾ ’ਚ ਪਹਿਲਾਂ ਇਸ ਸਿਰਫਿਰੇ ਵਿਅਕਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਜਦੋਂ ਉਹ ਆਪਣੀ ਜਾਨ ਬਚਾ ਕੇ ਘਰ ਦੀ ਛੱਤ ’ਤੇ ਪਹੁੰਚ ਗਈ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਤਾਂ ਉਹ ਬੰਦੂਕ ਲੈ ਕੇ ਖੜ੍ਹਾ ਹੋ ਗਿਆ ਤੇ ਪੁਲਿਸ ਦੇ ਪਹੁੰਚਦੇ ਹੀ ਗੋਲੀ ਚਲਾਉਣ ਲੱਗਾ। ਉਸ ਨੇ ਆਪਣੇ ’ਚ ਅੱਗ ਵੀ ਲਾ ਦਿੱਤੀ।
ਬਾਅਦ ’ਚ ਵੱਡੀ ਗਿਣਤੀ ’ਚ ਪੁਲਿਸ ਬਲ ਪਹੁੰਚਣ ਤੋਂ ਬਾਅਦ ਔਰਤ ਨੂੰ ਸੁਰੱਖਿਅਤ ਕੱਢ ਲਿਆ ਗਿਆ। ਹਮਲਾਵਰ ਵਿਅਕਤੀ ਬਾਅਦ ’ਚ ਉੱਥੇ ਹੀ ਆਪਣੀ ਕਾਰ ’ਚ ਮਿ੍ਰਤਕ ਪਾਇਆ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਚੌਥੇ ਜ਼ਖ਼ਮੀ ਪੁਲਿਸ ਅਫ਼ਸਰ ਖ਼ਤਰੇ ਤੋਂ ਬਾਹਰ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕ੍ਰੋ ਨੇ ਪੁਲਿਸ ਅਫ਼ਸਰਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।