ਮੁੰਬਈ-ਉੱਘੇ ਅਦਾਕਾਰ ਅਨੁਪਮ ਖੇਰ (Anupam Kher) ਨੇ ਫਿਲਮ ਨਿਰਮਾਤਾ ਅਤੇ ਕੌਮੀ ਐਵਾਰਡ ਜੇਤੂ ਹੰਸਲ ਮਹਿਤਾ (Hansal Mehta) ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ’ਤੇ ਤਿੱਖਾ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹੰਸਲ ਨੇ ਹਾਲ ਹੀ ਵਿੱਚ ਇੱਕ ਪੱਤਰਕਾਰ ਦੀ ਰਾਇ ਦਾ ਸਮਰਥਨ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਅਨੁਪਮ ਖੇਰ ਦੀ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਹਿੰਦੀ ਸਿਨੇਮਾ ਵਿੱਚ ਸਭ ਤੋਂ ਮਾੜੀਆਂ ਫਿਲਮਾਂ ਵਿੱਚੋਂ ਇੱਕ ਹੈ।
ਗੌਰਤਲਬ ਹੈ ਕਿ ਹੰਸਲ ਮਹਿਤਾ ਉਹ ਵਿਅਕਤੀ ਹੈ ਜਿਸ ਨੇ ਬਾਇਓਪਿਕ ‘ਤੇ ਰਚਨਾਤਮਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਸ ਨਾਲ ਅਨੁਪਮ ਨੂੰ ਗੁੱਸਾ ਆ ਗਿਆ। ਉਨ੍ਹਾਂ ਲਿਖਿਆ ਉਨ੍ਹਾਂ (ਹੰਸਲ) ਨੂੰ ਫਿਲਮ ਪਸੰਦ ਨਾ ਕਰਨ ਦੀ ਆਜ਼ਾਦੀ ਹੈ। ਪਰ ਹੰਸਲ ਇਸ ਫਿਲਮ ਦਾ ਰਚਨਾਤਮਕ ਨਿਰਦੇਸ਼ਕ ਸੀ। ਇੰਗਲੈਂਡ ‘ਚ ਫਿਲਮ ਦੇ ਪੂਰੇ ਸ਼ੂਟ ‘ਤੇ ਕੌਣ ਮੌਜੂਦ ਸੀ! ਅਨੁਪਮ ਨੇ ਸਵਾਲ ਕੀਤਾ। ਉਨ੍ਹਾਂ ਕਿਹਾ, ‘‘ਤੁਸੀਂ ਰਚਨਾਤਮਕ ਜਾਣਕਾਰੀ ਦੇ ਰਹੇ ਹੋ ਅਤੇ ਇਸਦੀ ਫੀਸ ਵੀ ਜ਼ਰੂਰ ਲਈ ਹੋਵੇਗੀ।’’
ਉਨ੍ਹਾਂ ਕਿਹਾ, “ਇਹ ਨਹੀਂ ਕਿ ਮੈਂ ਸ੍ਰੀ ਸੰਘਵੀ ਨਾਲ ਸਹਿਮਤ ਹਾਂ ਪਰ ਅਸੀਂ ਸਾਰੇ ਮਾੜੇ ਜਾਂ ਉਦਾਸੀਨ ਕੰਮ ਕਰਨ ਦੇ ਯੋਗ ਹਾਂ। ਪਰ ਸਾਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।… ਮੇਰੇ ਕੋਲ ਅਜੇ ਵੀ ਸਾਡੇ ਸਾਰੇ ਵੀਡੀਓ ਅਤੇ ਸ਼ੂਟ ਦੀਆਂ ਤਸਵੀਰਾਂ ਮੌਜੂਦ ਹਨ।’’ਇਸ ਦਾ ਹੰਸਲ ਨੇ ਉਸੇ ਤਰ੍ਹਾਂ ਦਾ ਜਵਾਬ ਦਿੱਤਾ, ਉਨ੍ਹਾਂ ਲਿਖਿਆ, “ਬੇਸ਼ੱਕ ਮੈਂ ਆਪਣੀਆਂ ਗਲਤੀਆਂ ਲਈ ਜ਼ਿੰਮੇਵਾਰ ਹਾਂ ਮਿਸਟਰ ਖੇਰ ਅਤੇ ਮੈਂ ਸਵੀਕਾਰ ਕਰ ਸਕਦਾ ਹਾਂ ਕਿ ਮੈਂ ਗਲਤੀ ਕੀਤੀ ਹੈ। ਕੀ ਮੈਂ ਗ਼ਲਤੀ ਨਹੀਂ ਕਰ ਸਕਦਾ ਸਰ? ਮੈਂ ਆਪਣਾ ਕੰਮ ਪੇਸ਼ੇਵਰ ਤੌਰ ’ਤੇ ਕੀਤਾ ਜਿਵੇਂ ਕਿ ਮੈਨੂੰ ਕਿਹਾ ਗਿਆ ਸੀ। ਕੀ ਤੁਸੀਂ ਇਸ ਤੋਂ ਇਨਕਾਰ ਕਰ ਸਕਦੇ ਹੋ? ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਫਿਲਮ ਦਾ ਬਚਾਅ ਕਰਦੇ ਰਹਿਣਾ ਚਾਹੀਦਾ ਹੈ’’।