ਮੁੰਬਈ: ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਰੁਮਾਂਟਿਕ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਹੁਣ ਸਿਨੇਮਾਘਰਾਂ ਵਿੱਚ 12 ਸਤੰਬਰ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫ਼ਿਲਮ 18 ਅਪਰੈਲ ਨੂੰ ਰਿਲੀਜ਼ ਹੋਣੀ ਸੀ। ਫ਼ਿਲਮ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ ਦਿੰਦਿਆਂ ਰਿਲੀਜ਼ ਦੀ ਤਰੀਕ ਬਦਲਣ ਦੇ ਕਾਰਨ ਬਾਰੇ ਨਹੀਂ ਦੱਸਿਆ। ਇਹ ਫ਼ਿਲਮ ਸ਼ਸ਼ਾਂਕ ਖੇਤਾਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਇਸ ਸਾਲ ਦੀਆਂ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ ਕਿਉਂਕਿ ਇਹ 2023 ਵਿੱਚ ਆਈ ਫਿਲਮ ‘ਬਵਾਲ’ ਮਗਰੋਂ ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਦੂਜੀ ਫ਼ਿਲਮ ਹੈ। ਫ਼ਿਲਮ ਵਿੱਚ ਸਾਨਿਆ ਮਲਹੋਤਰਾ, ਰੋਹਿਤ ਸਰਾਫ, ਮਨੀਸ਼ ਪਾਲ ਅਤੇ ਅਕਸ਼ੈ ਓਬਰਾਏ ਵੀ ਨਜ਼ਰ ਆਉਣਗੇ। ਇਸ ਦਾ ਨਿਰਮਾਣ ਹੀਰੂ ਯਸ਼ ਜੌਹਰ, ਕਰਨ ਜੌਹਰ, ਅਪੂਰਵਾ ਮਹਿਤਾ ਅਤੇ ਸ਼ਸ਼ਾਂਕ ਖੇਤਾਨ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਸੰਨੀ ਦਾ ਕਿਰਦਾਰ ਨਿਭਾਉਣ ਵਾਲਾ ਵਰੁਣ ਧਵਨ ਅਕਸਰ ਫਿਲਮ ਦੇ ਸੈੱਟਾਂ ਤੋਂ ਪਰਦੇ ਦੇ ਪਿੱਛੇ ਦੇ ਵੀਡੀਓਜ਼ ਅਤੇ ਫੋਟੋਆਂ ਆਪਣੇ ਚਾਹੁੁਣ ਵਾਲਿਆਂ ਨਾਲ ਸਾਂਝੀਆਂ ਕਰਦਾ ਰਿਹਾ ਹੈ। ਵਰੁਣ ਧਵਨ ਨੇ ਵੀਰਵਾਰ ਨੂੰ ਆਪਣੀ ਅਗਾਮੀ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦੇ ਸੈੱਟ ਦਾ ਪਰਦੇ ਦੇ ਪਿੱਛੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਵਰੁਣ ਇਸ ਸਮੇਂ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਤ, ਫ਼ਿਲਮ ‘ਬਾਰਡਰ-2’ ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੁਸਾਂਝ, ਅਤੇ ਆਹਾਨ ਸ਼ੈੱਟੀ ਨਜ਼ਰ ਆਉਣਗੇ।