umar akmal fitness test: ਮੌਜੂਦਾ ਸਮੇਂ ਵਿੱਚ ਪਾਕਿਸਤਾਨ ਕ੍ਰਿਕਟ ਟੀਮ ‘ਚ ਕਈ ਬਦਲਾਅ ਕੀਤੇ ਜਾ ਰਹੇ ਹਨ। ਸਰਫਰਾਜ ਅਹਿਮਦ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਟੀਮ ਪ੍ਰਬੰਧਕ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਰਹੇ ਹਨ, ਜਦਕਿ ਪੁਰਾਣੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਕ੍ਰਿਕਟ ਟੀਮ ਲੰਬੇ ਸਮੇਂ ਤੋਂ ਕੁਝ ਖਾਸ ਨਹੀਂ ਕਰ ਸਕੀ। ਅਜਿਹੀ ਸਥਿਤੀ ਵਿੱਚ ਕੋਚ ਅਤੇ ਟੀਮ ਚੋਣਕਾਰ ਮੁਸਬਾ-ਉਲ-ਹੱਕ ਨਵੇਂ ਚਿਹਰਿਆਂ ਨੂੰ ਤਰਜੀਹ ਦੇ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਸਟਾਰ ਵਿਕਟਕੀਪਰ ਉਮਰ ਅਕਮਲ ਇਕ ਨਵੇਂ ਵਿਵਾਦ ਵਿੱਚ ਫਸਦੇ ਦਿਖਾਈ ਦੇ ਰਹੇ ਹਨ।
ਪਾਕਿਸਤਾਨ ਦੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੇ ਉਮਰ ਅਕਮਲ ਦਾ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਇੱਕ ਤੰਦਰੁਸਤੀ ਟੈਸਟ ਹੋਇਆ ਸੀ, ਜਿਸ ਵਿੱਚ ਅਕਮਲ ਫ਼ੇਲ ਹੋ ਗਏ, ਤਾ ਗੁੱਸੇ ਵਿੱਚ ਉਮਰ ਅਕਮਲ ਨੇ ਟੈਸਟ ਲੈਣ ਵਾਲੇ ਟ੍ਰੇਨਰ ਦੇ ਸਾਮ੍ਹਣੇ ਹੀ ਆਪਣੇ ਕੱਪੜੇ ਉਤਾਰ ਦਿੱਤੇ। ਕੱਪੜੇ ਉਤਾਰਨ ਤੋਂ ਬਾਅਦ ਅਕਮਲ ਨੇ ਗੁੱਸੇ ਨਾਲ ਫਿੱਟਨੈੱਸ ਟ੍ਰੇਨਰ ਨੂੰ ਪੁੱਛਿਆ ਕਿ “ਚਰਬੀ ਕਿੱਥੇ ਹੈ?” ਟੈਸਟ ਲੈਣ ਵਾਲੀ ਟੀਮ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਅਕਮਲ ਦੀ ਸ਼ਿਕਾਇਤ ਵੀ ਕੀਤੀ ਹੈ।
ਇਹ ਮੰਨਿਆ ਜਾਂ ਰਿਹਾ ਹੈ ਕਿ ਬੋਰਡ ਇਸ ਵਿਵਹਾਰ ਲਈ ਉਮਰ ਅਕਮਲ ਤੇ ਪਾਬੰਦੀ ਵੀ ਲਗਾ ਸਕਦਾ ਹੈ। ਜਦਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ-ਨਾਲ ਘਰੇਲੂ ਕ੍ਰਿਕਟ ਤੋਂ ਵੀ ਦੂਰ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਕਮਲ ਦਾ ਭਰਾ ਕਾਮਰਾਨ ਅਕਮਲ ਵੀ ਇਸ ਟੈਸਟ ਵਿੱਚ ਫ਼ੇਲ ਰਿਹਾ ਹੈ। ਇਸ ਤੋਂ ਪਹਿਲਾ ਵੀ ਉਮਰ ਅਕਮਲ ਨੂੰ ਟੀਮ ਪ੍ਰਬੰਧਕਾਂ ਦੁਆਰਾ 2017 ਚੈਂਪੀਅਨਜ਼ ਟਰਾਫੀ ‘ਚ ਵੀ ਫਿਟ ਨਾ ਹੋਣ ਦੇ ਕਾਰਨ ਇੰਗਲੈਂਡ ਤੋਂ ਪਾਕਿਸਤਾਨ ਭੇਜਿਆ ਗਿਆ ਸੀ। ਉਸ ਸਮੇਂ ਇਹ ਕਾਰਵਾਈ ਕੋਚ ਮਿਕੀ ਆਰਥਰ ਦੁਆਰਾ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪੀ.ਸੀ.ਬੀ ਦੀ ਇਕਰਾਰਨਾਮੇ ਦੀ ਸੂਚੀ ਵਿੱਚ ਵੀ ਉਮਰ ਅਕਮਲ ਦਾ ਨਾਮ ਨਹੀਂ ਹੈ। ਅਕਮਲ ਨੂੰ ਘਰੇਲੂ ਕ੍ਰਿਕਟ ਤੋਂ ਬਾਹਰ ਰੱਖਿਆ ਗਿਆ ਹੈ। ਉਹ ਬਿਨਾਂ ਕਿਸੇ ਇਕਰਾਰਨਾਮੇ ਦੇ ਖੇਡ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਉਮਰ ਦੇ ਇਸ ਵਿਵਹਾਰ ਲਈ ਵੱਡੀ ਕਾਰਵਾਈ ਕਰ ਸਕਦਾ ਹੈ।