26.87 F
New York, US
December 14, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਹੁਨਰ ਸਿਖਲਾਈ ਦਾ ਨਵਾਂ ਤਜਰਬਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

ਚੰਡੀਗੜ੍ਹ -ਵਿਸ਼ਵ ਪੱਧਰੀ ਵਿੱਦਿਅਕ ਸਿਖਲਾਈ ਹਾਸਲ ਕਰਕੇ ਫਿਨਲੈਂਡ ਤੋਂ ਪਰਤੇ ਬੀ.ਪੀ.ਈ.ਓਜ਼, ਸੀ.ਐਚ.ਟੀਜ਼, ਐਚ.ਟੀਜ਼ ਅਤੇ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਸਮੇਤ 72 ਮੈਂਬਰਾਂ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਨਵਾਂ ਤਬਰਬਾ ਮਿਲਣ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ ਦਾ ਪੱਧਰ ਹੋਰ ਉੱਚਾ ਹੋਵੇਗਾ।

ਮੁੱਖ ਮੰਤਰੀ ਮੁਲਾਕਾਤ ਦੌਰਾਨ ਲੁਧਿਆਣਾ ਦੇ ਮਨਮੀਤ ਸਿੰਘ ਨੇ ਕਿਹਾ ਕਿ ਫਿਨਲੈਂਡ ਦੇ ਦੌਰੇ ਤੋਂ ਬਾਅਦ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਮਨੋਰੰਜਕ ਢੰਗ-ਤਰੀਕਿਆਂ/ਤਕਨੀਕਾਂ ਬਾਰੇ ਸਿਖਲਾਈ ਹਾਸਲ ਕੀਤੀ ਹੈ, ਜਦਕਿ ਇਸ ਤੋਂ ਪਹਿਲਾਂ ਅਸੀਂ ਪੜ੍ਹਾਉਣ ਦੇ ਆਮ ਢੰਗ-ਤਰੀਕੇ ਵਰਤ ਰਹੇ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਤਜਰਬੇ ਨੂੰ ਆਪਣੇ ਹੋਰ ਸਾਥੀ ਅਧਿਆਪਕਾਂ ਨਾਲ ਵੀ ਸਾਂਝਾ ਕਰ ਰਹੇ ਹਾਂ।

ਬਠਿੰਡਾ ਦੇ ਇੱਕ ਹੋਰ ਅਧਿਆਪਕ ਦਲਜੀਤ ਸਿੰਘ ਨੇ ਦੱਸਿਆ ਕਿ ਫਿਨਲੈਂਡ ਦੀ ਇੱਕ ਟ੍ਰੇਨਰ ਕ੍ਰਿਸਟੀਨਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਪੰਚਾਇਤ ਅਤੇ ਹੋਰ ਅਧਿਆਪਕਾਂ ਨਾਲ ਵੀ ਆਪਣਾ ਤਜਰਬਾ ਸਾਂਝਾ ਕੀਤਾ ਹੈ ਅਤੇ ਉਹ ਬਹੁਤ ਉਤਸ਼ਾਹਿਤ ਹਨ।

ਇਸ ਦੌਰਾਨ ਤਲਵਾੜਾ ਦੇ ਅਮਰਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਸਿਖਲਾਈ ਦੌਰਾਨ ਉਨ੍ਹਾਂ ਨੇ ਜ਼ਿੰਮੇਵਾਰੀ ਦੀ ਅਸਲ ਭਾਵਨਾ ਬਾਰੇ ਜਾਣਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦੂਰਅੰਦੇਸ਼ੀ ਫੈਸਲੇ ਨਾਲ ਜ਼ਮੀਨੀ ਪੱਧਰ ‘ਤੇ ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਝਾਵਾਂ ਦਾ ਮੁੱਢ ਬੱਝੇਗਾ।

ਫਤਹਿਗੜ੍ਹ ਸਾਹਿਬ ਦੀ ਪ੍ਰਾਇਮਰੀ ਅਧਿਆਪਕਾ ਬਲਜੀਤ ਕੌਰ ਪਰਮਾਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਸ ਮੌਕੇ ਨੇ ਉਨ੍ਹਾਂ ਨੂੰ ਆਰਾਮ ਦੇ ਮਾਹੌਲ ‘ਚੋਂ ਨਿਕਲ ਕੇ ਅਤੇ ਖੁਦ ਨੂੰ ਨਵੇਂ ਯੁੱਗ ਵਿੱਚ ਖੋਜਣ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਨੇ ਉਨ੍ਹਾਂ ਵਿੱਚ ਹਰੇਕ ਪਲੇਟਫਾਰਮ ‘ਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਦਾ ਭਰੋਸਾ ਪੈਦਾ ਕੀਤਾ ਹੈ।

ਤਰਨਤਾਰਨ ਦੇ ਅਨੂਪ ਸਿੰਘ ਮੈਣੀ ਨੇ ਕਿਹਾ ਕਿ ਸਿਖਲਾਈ ਤੋਂ ਬਾਅਦ ਸਾਡਾ ਨਜ਼ਰੀਆ ਬਿਲਕੁਲ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ, ਜਿੱਥੇ ਸਿੱਖਣ ਦੇ ਹੋਰ ਤਰੀਕਿਆਂ ਤੋਂ ਇਲਾਵਾ ਪ੍ਰੈਕਟੀਕਲ ਸਿੱਖਿਆ ‘ਤੇ ਵੱਧ  ਜ਼ੋਰ ਦਿੱਤਾ ਜਾਂਦਾ ਹੈ।

ਫਿਨਲੈਂਡ ਦੀ ਸਿੱਖਿਆ ਕ੍ਰਾਂਤੀ ਬਾਰੇ ਗੱਲ ਕਰਦਿਆਂ ਲੁਧਿਆਣਾ ਦੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਸੁਧਾਰਾਂ ਪ੍ਰਤੀ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਨੇ ਫਿਨਲੈਂਡ ਵਿੱਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਅਤੇ ਪੰਜਾਬ ਵਿੱਚ ਵੀ ਸਰਕਾਰ ਦੇ ਦ੍ਰਿੜ ਸੰਕਲਪ ਸਦਕਾ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਨੇ ਸਿੱਖਿਆ ਨੂੰ ਵੱਡਾ ਹੁਲਾਰਾ ਦੇਣ ਦੇ ਇਸ ਦੂਰਅੰਦੇਸ਼ੀ ਫੈਸਲੇ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ।

ਹੁਸ਼ਿਆਰਪੁਰ ਦੀ ਇਕ ਹੋਰ ਅਧਿਆਪਕਾ ਵੰਦਨਾ ਹੀਨ ਨੇ ਕਿਹਾ ਕਿ ਲਈ ਉਨ੍ਹਾਂ ਵਾਸਤੇ ਮਨੋਰੰਜਕ ਤਕਨੀਕਾਂ ਨਾਲ ਸਿਖਲਾਈ ਪ੍ਰਾਪਤ ਕਰਨ ਦਾ ਇਹ ਨਵਾਂ ਤਜਰਬਾ ਸੀ, ਜੋ ਕਿ ਹੁਣ ਸਮੇਂ ਦੀ ਮੰਗ ਵੀ ਹੈ। ਉਨ੍ਹਾਂ ਨੇ ਵਿਦੇਸ਼ ਜਾ ਕੇ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਤਰਨ ਤਾਰਨ ਦੀ ਨਿਰਮਲਜੀਤ ਕੌਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਸਿਖਲਾਈ ਲਈ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਉਨ੍ਹਾਂ ਨੇ ਸਮੇਂ ਦੀ ਮਹੱਤਵਪੂਰਨ ਢੰਗ ਨਾਲ ਵਰਤੋਂ ਅਤੇ ਇਸ ਦੀ ਅਹਿਮੀਅਤ ਬਾਰੇ ਬਾਰੇ ਜਾਣਿਆ ਹੈ ਅਤੇ ਹੁਣ ਉਹ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣਗੇ।

ਪਟਿਆਲਾ ਦੀ ਆਂਚਲ ਸਿੰਗਲਾ ਨੇ ਕਿਹਾ ਕਿ ਸੂਬੇ ਦਾ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਪਾਠਕ੍ਰਮ ਫਿਨਲੈਂਡ ਦੇ ਬਰਾਬਰ ਹੀ ਹੈ ਪਰ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸਿਖਾਉਣ ਦੇ ਢੰਗ-ਤਰੀਕੇ ਬੜੇ ਪ੍ਰੈਕਟੀਕਲ ਅਤੇ ਆਨੰਦਮਈ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਸਿਖਲਾਈ ਹਾਸਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।

ਐਸ.ਏ.ਐਸ.ਨਗਰ ਦੀ ਵੰਦਨਾ ਨੇ ਕਿਹਾ ਕਿ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਕ੍ਰਾਂਤੀਕਾਰੀ ਹੈ ਕਿਉਂਕਿ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਵਪਾਰਕ ਹੁਨਰ ਦੀ ਸਿਖਲਾਈ ਦਿੱਤਾ ਜਾ ਰਹੀ ਹੈ ਅਤੇ ਉਹ ਟ੍ਰੇਡਮਾਰਕ ਅਤੇ ਫੂਡ ਲਾਇਸੈਂਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਇੱਕ ਵਿਲੱਖਣ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਿਆ ਹੈ।

ਪਟਿਆਲਾ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਇਹ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ, ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ।

ਇਸ ਮੌਕੇ ਐਸ.ਸੀ.ਈ.ਆਰ.ਟੀ ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਨੇ ਟੀਮ ਦੀ ਸ਼ਲਾਘਾ ਕਰਦਿਆਂ ਪੜ੍ਹਾਉਣ ਦੇ ਜੋਸ਼ ਨੂੰ ਬਰਕਰਾਰ ਰੱਖਣ ਅਤੇ ਦੋ ਜਮਾਤਾਂ ਦਰਮਿਆਨ ਰੈਗੂਲਰ ਬ੍ਰੇਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰੈਕਟੀਕਲ ਸਿੱਖਿਆ ਦੀ ਲੋੜ ਨੂੰ ਉਜਾਗਰ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਰਪੇਂਟਰੀ ਵਾਲੀਆਂ ਅਤੇ ਹੋਰਨਾਂ ਦੁਕਾਨਾਂ ਤੱਕ ਹਰੇਕ ਸਕੂਲ ਦੀ ਪਹੁੰਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼੍ਰੀਮਤੀ ਬਰਾੜ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਾਜ਼ੋ-ਸਮਾਨ ਪ੍ਰਦਾਨ ਕਰਨ ਦੀ ਵਕਾਲਤ ਵੀ ਕੀਤੀ, ਜਿਸ ਨਾਲ ਉਹ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਹੁਨਰ ਵੀ ਹਾਸਲ ਕਰ ਸਕਣ।

Related posts

ਮਾਨ ਨੇ ਖਹਿਰਾ ਨੂੰ ਕਿਉਂ ਦਿੱਤੀ ਮਨਪ੍ਰੀਤ ਬਾਦਲ ਤੋਂ ਸਿੱਖਿਆ ਲੈਣ ਦੀ ਨਸੀਹਤ..?

On Punjab

ਰੰਗਾਂ ਧੂਮ ਮਚਾਈ

Pritpal Kaur

1 ਦਸੰਬਰ ਤੋਂ OTP ਪ੍ਰਾਪਤ ਕਰਨ ‘ਚ ਹੋ ਸਕਦੀ ਦੇਰੀ, ਜਾਣੋ ਇਸ ਨੂੰ ਮਹੱਤਵਪੂਰਨ ਕਿਉਂ ਮੰਨਦੈ ਟਰਾਈ

On Punjab