ਫ਼ਿਰੋਜਪੁਰ ਵਿਖੇ ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ.) ਦਾ ਉਦਘਾਟਨ ਸ਼ੇਰ ਸ਼ਾਹ ਵਾਲੀ ਚੌਂਕ, ਫਿਰੋਜ਼ਪੁਰ ਕੈਂਟ ਦੇ ਨੇੜੇ, ਮੁੱਖ ਪੋਸਟ ਆਫ਼ਿਸ ਵਿਖੇ ਸ: ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਰਿਜਨਲ ਪਾਸਪੋਰਟ ਅਫ਼ਸਰ ਸ੍ਰੀ. ਮੁਨੀਸ਼ ਕੁਮਾਰ ਵੀ ਮੌਜੂਦ ਸਨ।
ਸ: ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਫਿਰੋਜ਼ਪੁਰ ਦੇ ਬਿਨੈਕਾਰਾਂ ਨੂੰ ਪਾਸਪੋਰਟ ਬਣਵਾਉਣ ਲਈ ਪਾਸਪੋਰਟ ਸੇਵਾ ਕੇਂਦਰ ਅੰਮ੍ਰਿਤਸਰ ਵਿਖੇ ਆਪਣੇ ਪਾਸਪੋਰਟ ਸਬੰਧੀ ਅਰਜ਼ੀਆਂ ਜਮਾਂ ਕਰਾਉਣੀਆਂ ਪੈਂਦੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਫਿਰੋਜ਼ਪੁਰ ਵਿਖੇ ਪਾਸਪੋਰਟ ਸੇਵਾ ਕੇਂਦਰ ਦੇ ਸ਼ੁਰੂ ਹੋਣ ਨਾਲ ਨਾ ਕੇਵਲ ਫਿਰੋਜ਼ਪੁਰ ਦੇ ਲੋਕਾਂ ਨੂੰ ਬਲਕਿ , ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ।
ਇਸ ਮੌਕੇ ਪਾਸਪੋਰਟ ਅਫ਼ਸਰ ਸ੍ਰੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਆਲ਼ੇ ਦੁਆਲੇ ਦੇ ਇਲਾਕਿਆਂ ਦੇ ਨਿਵਾਸੀ ਪੀ.ਓ.ਪੀ.ਐਸ.ਕੇ. ਫਿਰੋਜ਼ਪੁਰ ਵਿਖੇ ਆਪਣਾ ਪਾਸਪੋਰਟ ਅਰਜ਼ੀ ਫਾਰਮ ਜਮਾਂ ਕਰਵਾ ਸਕਦੇ ਅਤੇ ਰੋਜ਼ਾਨਾ 50 ਵਿਅਕਤੀਆਂ ਨੂੰ ਅਪਾਇੰਟਮੈਂਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਿਨੈਕਾਰ ਵੈੱਬਸਾਈਟ www.passportindia.co.in ਤੇ ਵੀ ਆਪਣੇ ਆਨਲਾਈਨ ਪਾਸਪੋਰਟ ਅਰਜ਼ੀਆਂ ਭੇਜ ਸਕਦੇ ਹਨ ਅਤੇ ਆਪਣੀ ਫ਼ੀਸ ਜਮਾਂ ਕਰਵਾ ਕੇ ਫਾਈਲ ਜਮ੍ਹਾ ਕਰਵਾਉਣ ਦਾ ਸਮਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੇ ਮੋਬਾਇਲ ਤੇ ਪਾਸਪੋਰਟ ਸੇਵਾ ਐਪ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਵੀ ਫ਼ੋਨ ਰਾਹੀਆਂ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਾਇੰਟਮੈਂਟ ਮਿਲਣ ਸਮੇਂ ਬਿਨੈਕਾਰਾਂ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ ਨਾਲ ਲੈ ਕੇ ਪਾਸਪੋਰਟ ਸੇਵਾ ਕੇਂਦਰ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9.00 ਵਜੇ ਤੋਂ ਸ਼ਾਮ 5.30 ਵਜੇ ਤੱਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਐਸ.ਡੀ.ਐਮ ਅਮਿੱਤ ਗੁਪਤਾ, ਬਲਰਾਜ ਕੁਮਾਰ ਅਰੋੜਾ ਸੀਨੀਅਰ ਸੁਪਰਡੰਟ, ਵੇਦ ਪ੍ਰਕਾਸ਼ ਸੁਪਰਡੰਟ ਪਾਸਪੋਰਟ ਦਫ਼ਤਰ, ਪ੍ਰਕਾਸ਼ ਸਿੰਘ ਸੁਪਰਡੰਟ ਡਾਕ ਘਰ ਆਦਿ ਹਾਜ਼ਰ ਸਨ।