ਪੂਰਬੀ ਫਿਲਪੀਨਜ਼ ‘ਚ ਐਤਵਾਰ ਸਵੇਰੇ ਭਿਆਨਕ ਤੂਫ਼ਾਨ ‘ਗੋਨੀ’ ਨੇ ਦਸਤਕ ਦਿੱਤੀ। ਇਸ ਦੇ ਮੱਦੇਨਜ਼ਰ ਰਾਜਧਾਨੀ ਮਨੀਲਾ ਸਮੇਤ ਇਸ ਦੇ ਰਸਤੇ ਵਿਚ ਪੈਣ ਵਾਲੀਆਂ ਥਾਵਾਂ ਤੋਂ ਕਰੀਬ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਰਾਜਧਾਨੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਰਕਾਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਰਿਕਾਰਡੋ ਜਲਾਡ ਨੇ ਕਿਹਾ ਕਿ ਕਈ ਅਜਿਹੇ ਲੋਕ ਹਨ ਜੋ ਤੂਫ਼ਾਨ ਦੇ ਮੱਦੇਨਜ਼ਰ ਖ਼ਤਰਨਾਕ ਖੇਤਰਾਂ ਵਿਚ ਹਨ। ਵੱਡੇ ਪੈਮਾਨੇ ‘ਤੇ ਹਾਨੀ ਦਾ ਖ਼ਦਸ਼ਾ ਹੈ।
ਤੂਫ਼ਾਨ ‘ਗੋਨੀ’ 225 ਕਿਲੋਮੀਟਰ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਸਵੇਰ ਦੇ ਸਮੇਂ ਕਟਨਡੁਆਨਿਸ ਸੂਬੇ ਨਾਲ ਟਕਰਾਇਆ। ਵਿਚ-ਵਿਚ ਇਨ੍ਹਾਂ ਹਵਾਵਾਂ ਦੀ ਰਫ਼ਤਾਰ 280 ਕਿਲੋਮੀਟਰ ਪ੍ਰਤੀ ਘੰਟਾ ਵੀ ਹੁੰਦੀ ਰਹੀ। ਇਹ ਸ਼੍ਰੇਣੀ ਪੰਜ ਦੇ ਤੂਫ਼ਾਨ ਦੇ ਬਰਾਬਰ ਹੈ। ਇਹ ਤੂਫ਼ਾਨ ਹੁਣ ਮਨੀਲਾ ਸਮੇਤ ਅਧਿਕ ਜਨਸੰਖਿਆ ਘਣਤਵ ਵਾਲੇ ਪੱਛਮੀ ਖੇਤਰਾਂ ਵੱਲ ਵੱਧ ਰਿਹਾ ਹੈ। ਇਹ ਉਨ੍ਹਾਂ ਖੇਤਰਾਂ ਤੋਂ ਲੰਘਣ ਜਾ ਰਿਹਾ ਹੈ ਜਿੱਥੇ ਇਕ ਹਫ਼ਤਾ ਪਹਿਲੇ ਹੀ ਆਏ ਤੂਫ਼ਾਨ ਨਾਲ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋਈ ਸੀ।
ਮਾਹਿਰਾਂ ਨੇ ਕਿਹਾ ਹੈ ਕਿ ਇਹ ਤੂਫ਼ਾਨ ਐਤਵਾਰ ਦੇਰ ਰਾਤ ਜਾਂ ਸੋਮਵਾਰ ਤੜਕੇ ਬੇਹੱਦ ਘਣੀ ਜਨਸੰਖਿਆ ਵਾਲੇ ਮਨੀਲਾ ਵਿਚ ਦਸਤਕ ਦੇਵੇਗਾ। ਉਨ੍ਹਾਂ ਲੋਕਾਂ ਨੂੰ ਖ਼ਰਾਬ ਤੋਂ ਖ਼ਰਾਬ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ। ਰਾਜਧਾਨੀ ਵਿਚ ਕੋਰੋਨਾ ਦੇ ਕਰੀਬ 1,000 ਮਰੀਜ਼ਾਂ ਨੂੰ ਅਸਥਾਈ ਇਕਾਂਤਵਾਸ ਸੈਂਟਰਾਂ ਤੋਂ ਕੱਢ ਕੇ ਹਸਪਤਾਲਾਂ, ਹੋਟਲਾਂ ਜਾਂ ਇਲਾਜ ਕੇਂਦਰਾਂ ਅਤੇ ਉਂਤਰੀ ਬਾਲਕਨ ਸੂਬੇ ਵਿਚ ਭੇਜਿਆ ਗਿਆ ਹੈ। ਰਾਜਧਾਨੀ ਮਨੀਲਾ ਸਥਿਤ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਐਤਵਾਰ ਨੂੰ ਤੋਂ ਸੋਮਵਾਰ ਤਕ 24 ਘੰਟੇ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਕਰਕੇ ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ।