ਮੁੰਬਈ:ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਕਿਸਮਤ ਉਨ੍ਹਾਂ ਦੀਆਂ ਫਿਲਮਾਂ ਦੇ ਮਾਮਲੇ ’ਤੇ ਇੱਕੋ ਜਿਹੀ ਹੈ। ਇਨ੍ਹਾਂ ਦੋਵਾਂ ਕਲਾਕਾਰਾਂ ਦੀਆਂ ਫਿਲਮਾਂ ਕ੍ਰਮਵਾਰ ‘ਐਮਰਜੈਂਸੀ’ ਅਤੇ ‘ਪੰਜਾਬ 95’ ਬਾਰੇ ਵੱਖ ਵੱਖ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਇਸ ਸਬੰਧੀ ਮੰਗਲਵਾਰ ਨੂੰ ਅਦਾਕਾਰ ਦਿਲਜੀਤ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਮੁਆਫ਼ੀ ਮੰਗੀ ਹੈ ਕਿ ਇੱਕ ਵਾਰ ਫਿਰ ਭਾਰਤ ਵਿੱਚ ਉਸ ਦੀ ਫਿਲਮ ‘ਪੰਜਾਬ 95’ ਦੇ ਰਿਲੀਜ਼ ਵਿੱਚ ਅੜਿੱਕਾ ਪਿਆ ਹੈ। ਉਸ ਨੇ ਲਿਖਿਆ ਹੈ ਕਿ ਉਹ ਅਫ਼ਸੋਸ ਪ੍ਰਗਟ ਕਰਦਾ ਹੈ ਕਿਉਂਕਿ ਕੁਝ ਵੱਸ ਤੋਂ ਬਾਹਰ ਵਾਲੇ ਕਾਰਨਾਂ ਕਰ ਕੇ ਉਨ੍ਹਾਂ ਦੀ ਫਿਲਮ ਇਸ ਸਾਲ ਸੱਤ ਫਰਵਰੀ ਨੂੰ ਰਿਲੀਜ਼ ਨਹੀਂ ਹੋ ਰਹੀ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ। ਸੈਂਸਰ ਬੋਰਡ ਨੇ ਰਿਲੀਜ਼ ਕਰਨ ਲਈ ਇਸ ਫਿਲਮ ’ਤੇ 120 ਕੱਟ ਲਾਉਣ ਲਈ ਕਿਹਾ ਸੀ। ਇਸ ਫਿਲਮ ਦੇ ਰਿਲੀਜ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਖ਼ਲ ਦਿੱਤਾ ਸੀ ਪਰ ਸੈਂਸਰ ਬੋਰਡ ਨੇ ਕੱਟ ਲਾਉਣ ਤੋਂ ਇਲਾਵਾ ਫਿਲਮ ਦਾ ਨਾਂ ਵੀ ਬਦਲਣ ਲਈ ਕਿਹਾ। ਦੂਜੇ ਪਾਸੇ, ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਵਿਰੋਧ ਪ੍ਰਦਰਸ਼ਨ ਹੋਣ ਦੇ ਡਰ ਤੋਂ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਦਿਖਾਇਆ ਨਹੀਂ ਗਿਆ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸ਼੍ਰੋਮਣੀ ਕਮੇਟੀ ਸਣੇ ਹੋਰ ਸਿੱਖ ਸੰਸਥਾਵਾਂ ਨੇ ਫਿਲਮ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਉਨ੍ਹਾਂ ਦਾ ਦੋਸ਼ ਸੀ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਇੱਕ ਟਵੀਟ ਵਿੱਚ ਸ਼੍ਰੋਮਣੀ ਕਮੇਟੀ ਨੇ ਪੰਜਾਬ ਵਿੱਚ ਇਸ ਫਿਲਮ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ।
previous post