Legal Notice to Film Producer: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ‘ਗਿਲਟੀ’ ’ਚ ਇਕ ਮਾੜੇ ਚਰਿੱਤਰ ਵਾਲੇ ਕਿਰਦਾਰ ਦਾ ਨਾਂ ’ਨਾਨਕੀ’ ਰੱਖਣ ’ਤੇ ਫਿਲਮ ਦੇ ਪ੍ਰੋਡਿਊਸਰ, ਡਾਇਰੈਕਰ ਅਤੇ ਨੈੱਟਫਲਿਕਸ ਨੂੰ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਫਿਲਮ ’ਆਪ੍ਰੇਸ਼ਨ ਪਰਿੰਦੇ’ ’ਚ ਅੰਮ੍ਰਿਤਧਾਰੀ ਸਿੰਘਾਂ ਨੂੰ ਅੱਤਵਾਦੀ ਦੱਸਣ ’ਤੇ ਜ਼ੀ ਟੀ.ਵੀ. ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਦੋਵਾਂ ਫਿਲਮਾਂ ਦੇ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨੂੰ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਆਪਣੇ ਵਕੀਲ ਅਵਨੀਤ ਕੌਰ ਰਾਹੀਂ ਭੇਜੇ ਨੋਟਿਸ ’ਚ ਸਿਰਸਾ ਨੇ ਡਾਇਰੈਕਟਰ ਰੁਚੀ ਨਾਰਾਇਣ, ਧਰਮਾ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਿਊਸਰ ਅਤੇ ਨੈੱਟਫਲਿਕਸ ਇੰਟਰਟੇਨਮੈਂਟ ਸਰਵਿਸਿਜ਼ ਲਿਮਟਿਡ ਨੂੰ ਆਖਿਆ ਹੈ ਕਿ ਉਹ ਫਿਲਮ ਅਤੇ ਇਸ ਦੇ ਪ੍ਰੋਮੋ ਤੁਰੰਤ ਡਿਲੀਟ ਕਰਨ। ਉਨ੍ਹਾਂ ਕਿਹਾ ਕਿ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਦਾ ਨਾਂ ਸੀ ਤੇ ਸਿੱਖ ਇਤਿਹਾਸ ਵਿਚ ਉਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਮੁੱਖ ਕਿਰਦਾਰ ਦਾ ਨਾਂ ’ਨਾਨਕੀ’ ਰੱਖ ਕੇ ਉਸ ਨੂੰ ਨਸ਼ਿਆਂ, ਸ਼ਰਾਬ ਅਤੇ ਸਿਗਰਟਨੋਸ਼ੀ ਆਦਿ ਨਾਲ ਜੋੜਨਾ ਇਕ ਧਾਰਮਿਕ ਅਪਰਾਧ ਵਾਲੀ ਕਾਰਵਾਈ ਹੈ, ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਂ ਦਾ ਅਕਸ ਖਰਾਬ ਕੀਤਾ ਹੈ।
ਉਨ੍ਹਾਂ ਨੇ ਤਿੰਨਾਂ ਨੂੰ ਨੋਟਿਸ ਪ੍ਰਾਪਤ ਹੋਣ ਦੇ 24 ਘੰਟਿਆਂ ਅੰਦਰ ਫਿਲਮ ’ਗਿਲਟੀ’ ਅਤੇ ਇਸ ਦੇ ਪ੍ਰੋਮੋ ਨੂੰ ਡਿਲੀਟ ਕਰਨ ਜਾਂ ਹਟਾਉਣ ਅਤੇ ਬਿਨਾਂ ਸ਼ਰਤ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਲਈ ਕਿਹਾ। ਇਸ ਦੌਰਾਨ ਸਿਰਸਾ ਨੇ ਫਿਲਮ ’ਆਪ੍ਰੇਸ਼ਨ ਪਰਿੰਦੇ’ ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਜ਼ੀ-ਟੀ.ਵੀ. ਨੂੰ ਵੀ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਅੱਤਵਾਦੀ ਦੱਸਿਆ ਗਿਆ ਹੈ ਤੇ ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।