ਜਦੋਂ ਵੀ ਸੁਰੱਖਿਆ ਤੇ ਫ਼ਾਇਦੇ ਵਿਚਾਲੇ ਚੋਣ ਦੀ ਗੱਲ ਆਉਂਦੀ ਹੈ ਤਾਂ ਇੰਟਰਨੈੱਟ ਮੀਡੀਆ ਕੰਪਨੀ ਫੇਸਬੁੱਕ ਨੇ ਫ਼ਾਇਦੇ ਨੂੰ ਤਵੱਜੋ ਦਿੱਤੀ। ਇਹ ਗੱਲ ਐਤਵਾਰ ਨੂੰ ਫੇਸਬੁੱਕ ਵਿਹਸਲਬਲੋਅਰ ਦੇ ਰੂਪ ‘ਚ ਸਾਹਮਣੇ ਆਈ ਇਕ ਡਾਟਾ ਵਿਗਿਆਨੀ ਨੇ ਕਹੀ।
ਫਰਾਂਸਿਸ ਹਾਊਗਨ ਦੀ ਪਛਾਣ ਐਤਵਾਰ ਨੂੰ 60 ਮਿੰਟ ਦੀ ਇਕ ਇੰਟਰਵਿਊ ‘ਚ ਉਸ ਅੌਰਤ ਦੇ ਰੂਪ ‘ਚ ਕੀਤੀ ਗਈ ਹੈ ਜਿਸ ਨੇ ਭੇਤਭਰੇ ਤਰੀਕੇ ਨਾਲ ਫੈਡਰਲ ਲਾਅ ਇਨਫੋਰਸਮੈਂਟ ਏਜੰਸੀ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕੰਪਨੀ ਦੀ ਆਪਣੀ ਖੋਜ ਦਿਖਾਉਂਦੀ ਹੈ ਕਿ ਉਹ ਨਫ਼ਤਰ ਤੇ ਗਲਤ ਸੂਚਨਾ ਨੂੰ ਕਿਵੇਂ ਵਧਾਉਂਦੀ ਹੈ। ਹਾਊਗਨ ਗੂਗਲ ਤੇ ਪਿੰਟਰੈਸਟ ਵਰਗੀਆਂ ਦਿੱਗਜ ਕੰਪਨੀਆਂ ‘ਚ ਵੀ ਕੰਮ ਕਰ ਚੁੱਕੀ ਹੈ। 2019 ‘ਚ ਫੇਸਬੁੱਕ ‘ਚ ਨੌਕਰੀ ਕੀਤੀ। ਹਾਊਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਦੇ ਇਕ ਅਜਿਹੇ ਖੇਤਰ ‘ਚ ਕੰਮ ਕਰਨ ਲਈ ਕਿਹਾ ਗਿਆ ਸੀ ਜੋ ਗਲਤ ਸੂਚਨਾਵਾਂ ਨਾਲ ਲੜਦਾ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਨੇ ਵਾਰ-ਵਾਰ ਦਿਖਾਇਆ ਕਿ ਕੰਪਨੀ ਸੁਰੱਖਿਆ ਦੀ ਬਜਾਏ ਲਾਭ ਨੂੰ ਚੁਣਦੀ ਹੈ। ਹਾਊਗਨ ਇਸ ਮਾਮਲੇ ‘ਚ ਇਸ ਹਫ਼ਤੇ ਅਮਰੀਕੀ ਕਾਂਗਰਸ (ਸੰਸਦ) ਦੇ ਸਾਹਮਣੇ ਗਵਾਈ ਦੇਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਰਕਾਰ ਅੱਗੇ ਆ ਕੇ ਕੰਪਨੀ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰਨ ਲਈ ਨਿਯਮ ਬਣਾਏਗੀ।